ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇੱਕ ਟਵੀਟ ਰਾਹੀਂ ਵਿਅੰਗ ਕਸਿਆ ਹੈ ਕਿ ਇਸ਼ਕ ਤੇ ਮੁਸ਼ਕ ਛੁਪਾਇਆਂ ਨਹੀਂ ਛੁਪਦੇ, ਦਿਲ ਦੀ ਗੱਲ ਆਖਰ ਜੁਬਾਨ ‘ਤੇ ਆ ਗਈ। ਵੜਿੰਗ ਨੇ ਸਿੱਧੇ ਤੌਰ ‘ਤੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਸਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਮਿਲ ਕੇ ਹੀ ਸਰਕਾਰ ਚਲਾਈ।
ਕਾਂਗਰਸ ਨੂੰ ਕਮਜੋਰ ਕੀਤਾ
ਉਨ੍ਹਾਂ ਕੈਪਟਨ ‘ਤੇ ਪੰਜਾਬ ਵਿੱਚ ਕਾਂਗਰਸ ਨੂੰ ਕਮਜੋਰ ਕਰਨ ਦਾ ਹਰ ਸੰਭਵ ਕੰਮ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਹੁਣ ਨਵੀਂ ਪਾਰਟੀ ਵਿੱਚ ਆਪਣੇ ਚਹੇਤੇ ਭਤੀਜੇ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਮੰਗਲਵਾਰ ਸ਼ਾਮ ਤੋਂ ਹੀ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਤੇ ਮੀਡੀਆ ‘ਤੇ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਿਵਾਲੀ ਤੋਂ ਪਹਿਲਾਂ ਨਵੀਂ ਪਾਰਟੀ ਬਣਾਉਣਗੇ।
ਭਾਜਪਾ ਨਹੀਂ ਸ਼ਾਮਲ ਹੋਏ ਕੈਪਟਨ
ਉਂਜ ਕੈਪਟਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਸੀ ਕਿ ਉਹ ਕਾਂਗਰਸ (Congress) ਛੱਡਣਗੇ ਪਰ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਮੰਗਲਵਾਰ ਰਾਤ ਨੂੰ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਿੱਧੇ ਤੌਰ ‘ਤੇ ਟਵੀਟ ਕਰਕੇ ਖੁੱਲ੍ਹਾ ਐਲਾਨ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਆਪਣੀ ਨਵੀਂ ਪਾਰਟੀ ਬਣਾਉਣਗੇ। ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇਕਰ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਫੈਸਲਾ ਲੈਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਭਾਜਪਾ ਨਾਲ ਗਠਜੋੜ ਨਾਲ ਚੋਣ ਲੜੇਗੀ ਤੇ ਨਾਲ ਹੀ ਅਕਾਲੀਆਂ ਤੋਂ ਟੁੱਟੇ ਖਾਸ ਕਰਕੇ ਢੀਂਡਸਾ ਗਰੁੱਪ ਤੇ ਹੋਰ ਹਮਖਿਆਲ ਪਾਰਟੀਆਂ ਨੂੰ ਨਾਲ ਲੈਣਗੇ।
ਪਰਗਟ ਸਿੰਘ ਨੇ ਵੀ ਸਾਧੇ ਨਿਸ਼ਾਨੇ
ਇਸ ਟਵੀਟ ਉਪਰੰਤ ਸਭ ਤੋਂ ਪਹਿਲਾਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਦੇ ਸਭ ਤੋਂ ਨਜਦੀਕੀ ਮੰਤਰੀ ਪਰਗਟ ਸਿੰਘ ਨੇ ਬਿਆਨ ਦੇ ਕੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਦੇ ਨਾਲ ਹੀ ਦੂਜੀਆਂ ਪਾਰਟੀਆਂ ਨੇ ਵੀ ਆਪਣਾ ਪ੍ਰਤੀਕ੍ਰਮ ਦਿੱਤਾ ਸੀ ਤੇ ਹੁਣ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਜਿਕਰਯੋਗ ਹੈ ਕਿ ਨਰਾਜ ਕਾਂਗਰਸੀ ਵਿਧਾਇਕਾਂ ਵੱਲੋਂ ਮੁਹਿੰਮ ਚਲਾਉਣ ਉਪਰੰਤ ਪਾਰਟੀ ਹਾਈ ਕਮਾਂਡ ਨੇ ਸੀਐਲਪੀ ਦੀ ਮੀਟਿੰਗ ਸੱਦੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਸੀ।
ਇਹ ਵੀ ਪੜ੍ਹੋ:ਮੰਤਰੀ ਪਰਗਟ ਸਿੰਘ ਨੇ ਕੈਪਟਨ ਦੀ ਠੋਕੀ ਮੰਜੀ, ਕਿਹਾ-ਭਾਜਪਾ ਨਾਲ...