ਚੰਡੀਗੜ੍ਹ: ਖੇਤੀ ਕਾਨੂੰਨ ਦੇ ਵਿਰੋਧ 'ਚ ਤੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਵਿੱਚ ਵਿਸ਼ਾਲ ਟਰੈਕਟਰ ਰੈਲੀ ਕੱਢਣਗੇ। ਇਸ ਵਿਸ਼ਾਲ ਟਰੈਕਟਰ ਰੈਲੀ ਵਿੱਚ 5 ਹਜ਼ਾਰ ਟੈਰਕਟਰ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣਗੇ।
ਮੋਗਾ ਤੋਂ ਸ਼ੁਰੂ ਹੋਣ ਵਾਲੀ ਇਹ ਟਰੈਕਟਰ ਰੈਲੀ ਹਰਿਆਣਾ ਦੇ ਰਸਤੇ ਦਿੱਲੀ ਵਿੱਚ ਜਾ ਕੇ ਖ਼ਤਮ ਕਰਨਗੇ। ਰੈਲੀ ਨੂੰ ਲੈ ਕੇ ਕਾਂਗਰਸ ਤੇ ਪੰਜਾਬ ਦਾ ਪੂਰਾ ਪ੍ਰਸ਼ਾਸਨ ਮੈਦਾਨ ਵਿੱਚ ਉਤਰ ਚੁੱਕਾ ਹੈ। ਇਸ ਰੈਲੀ ਦੌਰਾਨ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤੇ ਪੂਰੇ ਸੂਬੇ ਵਿੱਚ 10 ਹਜ਼ਾਰ ਪੁਲਿਸ ਜਵਾਨ ਤੈਨਾਤ ਕੀਤੇ ਗਏ ਹਨ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ ਮੁਖ ਮੰਤਰੀ ਕੈਪਟਨ ਦੇ ਸਲਾਹਕਾਰ ਸੰਦੀਪ ਸਿੰਧੂ ਨੇ ਖ਼ੁਦ ਇਸ ਟਰੈਕਟਰ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਲਗਪਗ 15 ਜ਼ਿਲ੍ਹੇ ਦੇ ਐਸਐਸਪੀ ਸਮੇਤ ਸਾਰੇ ਵੱਡੇ ਅਧਿਕਾਰੀ ਮੌਜੂਦ ਹਨ।
4 ਅਕੂਬਰ : ਮੋਗਾ ਦੇ ਨਿਹਾਲ ਸਿੰਘ ਵਾਲਾ ਬੱਧਣੀ ਕਲਾਂ ਵਿੱਚ ਸਵੇਰੇ 11 ਵਜੇ ਇੱਕ ਜਨਤਕ ਮੀਟਿੰਗ ਨਾਲ ਟਰੈਕਟਰ ਰੈਲੀ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਲੁਧਿਆਣਾ ਦੇ ਜਗਰਾਓ, ਚੱਕਰ, ਲੱਖਾ, ਮਾਣੂਕੇ ਤੋਂ ਹੁੰਦੇ ਹੋਏ ਰਾਏਕੋਟ ਦੇ ਜੱਟਪੁਰਾ ਵਿੱਚ ਇਕ ਰੈਲੀ ਦੇ ਨਾਲ ਸਮਾਪਤ ਕਰਨਗੇ।
5 ਅਕਤੂਬਰ: ਦੂਜੇ ਦਿਨ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ ਸੰਗਰੂਰ ਵਿੱਚ ਸਮਾਗਮ ਦੌਰਾਨ ਹੋਵੇਗੀ। ਇਥੋਂ ਦੀ ਰਾਹੁਲ ਰੈਲੀ ਦੇ ਲਈ ਭਵਾਨੀਗੜ੍ਹ ਤੱਕ ਕਾਰ ਰਾਹੀਂ ਜਾਣਗੇ। ਪਟਿਆਲਾ ਦੀ ਸਮਾਣਾ ਦੀ ਅਨਾਜ ਮੰਡੀ ਵਿੱਚ ਰੈਲੀ ਵਿੱਚ ਰਾਹੁਲ ਗਾਂਧੀ ਸ਼ਿਰਕਤ ਕਰਨਗੇ।
6 ਅਕਤੂਬਰ: ਪਟਿਆਲਾ ਦੇ ਦੁੱਧਨ ਸਾਧਾਂ ਵਿੱਚ ਹੋਣ ਵਾਲੀ ਰੈਲੀ ਵਿੱਚ ਰਾਹੁਲ ਗਾਂਧੀ ਕਿਸਾਨਾਂ ਨੂੰ ਸੰਬੋਧਨ ਕਰਨਗੇ ਫਿਰ ਪਿਹੋਵਾ ਹੱਦ ਤੋਂ ਹੁੰਦੇ ਹੋਏ ਕਾਂਗਰਸ ਦੀ ਟਰੈਕਟਰ ਰੈਲੀ ਹਰਿਆਣਾ ਵਿੱਚ ਜਾਣਗੇ।