ਚੰਡੀਗੜ੍ਹ: ਹਰਿਆਣਾ ਦਿਵਸ ਮੌਕੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ 55 ਸਾਲਾਂ ਤੋਂ ਚੰਡੀਗੜ੍ਹ ਉੱਪਰ ਆਪਣਾ ਹੱਕ ਜਤਾ ਰਹੇ ਹਨ ਤੇ ਪੰਜਾਬ ਨੂੰ ਚੰਡੀਗੜ੍ਹ ਉੱਤੋਂ ਅਧਿਕਾਰ ਛੱਡਣ ਲਈ ਕਹਿ ਰਹੇ ਹਨ। ਦੁਸ਼ਯੰਤ ਦੇ ਇਸ ਬਿਆਨ ਉੱਤੇ ਸਿਆਸਤ ਭੱਖਣੀ ਸ਼ੁਰੂ ਹੋ ਗਈ ਹੈ। ਦੁਸ਼ਯੰਤ ਚੌਟਾਲਾ ਨੇ ਆਪਣੇ ਬਿਆਨ ਉੱਤੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਨੂੰ ਆਪਣੀਆਂ ਵੱਖ-ਵੱਖ ਰਾਜਧਾਨੀ ਬਣਾ ਲੈਣੀ ਚਾਹੀਦੀ ਹਨ ਜਿਸ ਦਾ ਜਵਾਬ ਦਿੰਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ ਤੇ ਚੰਡੀਗੜ੍ਹ ਹੀ ਪੰਜਾਬ ਦੀ ਰਾਜਧਾਨੀ ਹੈ।
ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚੰਡੀਗੜ੍ਹ ਬਣਿਆ ਪੰਜਾਬ ਲਈ ਸੀ ਤੇ ਇਹ ਪੰਜਾਬ ਦੀ ਰਾਜਧਾਨੀ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਰੰਧਾਵਾ ਨੇ ਕਿਹਾ ਕਿ ਚੰਡੀਗੜ੍ਹ ਬਣਾਉਣ ਲਈ ਇੱਥੋ ਦੇ ਕਈ ਪਿੰਡ ਉਜਾੜ ਦਿੱਤੇ ਗਏ ਸੀ ਅਤੇ ਅੱਜ ਦੁਸ਼ਯੰਤ ਚੌਟਾਲਾ ਪੰਜਾਬ ਨੂੰ ਇਹ ਕਹਿ ਰਹੇ ਹਨ ਕਿ ਚੰਡੀਗੜ੍ਹ ਉੱਤੇ ਆਪਣਾ ਦਾਅਵਾ ਛੱਡ ਦਓ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਾਡਾ ਹੈ ਤੇ ਸਾਡਾ ਹੀ ਰਹੇਗਾ।
ਰੰਧਾਵਾ ਨੇ ਕਿਹਾ ਕਿ ਇਸੇ ਪੰਜਾਬ ਲਈ ਸਰਦਾਰ ਦਰਸ਼ਨ ਸਿੰਘ ਨੇ 74 ਦਿਨ ਭੁੱਖ ਹੜਤਾਲ ਕੀਤੀ ਸੀ। ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਤੇ ਦਰਸ਼ਨ ਸਿੰਘ ਨੇ 74 ਦਿਨਾਂ ਬਾਅਦ ਸ਼ਹਾਦਤ ਹਾਸਲ ਕੀਤੀ ਸੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਉੱਤੇ ਤੰਜਕਸਦੇ ਹੋਏ ਕਿਹਾ ਕਿ ਅਕਾਲੀ ਦਲ ਨਾਲ ਬੀਜੇਪੀ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜੋ ਕਿ ਕਦੇ ਵੀ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਹਿੱਤਾਂ ਦੀ ਗੱਲ ਆਵੇਗੀ ਤਾਂ ਅਕਾਲੀ ਦਲ ਆਪਣੀ ਭਾਈਵਾਲੀ ਨਿਭਾਵੇਗਾ ਨਾ ਕਿ ਪੰਜਾਬ ਲਈ ਖੜੇਗਾ।