ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਨੇ ਜੁਗਾੜੂ ਰੇਹੜੀ ਯਾਨੀ ਮੋਡੀਫਾਈ ਕੀਤੀ ਮੋਟਰਸਾਈਕਲ ਰੇਹੜੀ ਭਾਵ ਜੁਗਾੜੂ ਰੇਹੜੀ ’ਤੇ ਰੋਕ ਦਾ ਫੈਸਲਾ ਵਾਪਿਸ (withdraws restraining order on MODIFY MOTORCYCLES) ਲੈ ਲਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਜੁਗਾੜੂ ਰੇਹੜੀ ’ਤੇ ਪਾਬੰਧੀ ਲਗਾ ਦਿੱਤੀ ਗਈ ਸੀ ਤੇ ਇਸ ਸਬੰਧ 'ਚ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਪਰ ਵਿਰੋਧ ਤੋਂ ਬਾਅਦ ਮਾਨ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ।
ਇਹ ਵੀ ਪੜੋ: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਨੇੜੇ ਮਿਲਿਆ ਟਿਫਨ ਬੰਬ, ਮੌਕੇ 'ਤੇ ਪਹੁੰਚੇ ਸੁਰੱਖਿਆ ਕਰਮੀ
ਰੇਹੜੀ ਚਾਲਕ ਕਰ ਰਹੇ ਸਨ ਵਿਰੋਧ: ਦੱਸ ਦਈਏ ਕਿ ਸਰਕਾਰ ਦੇ ਇਸ ਫੈਸਲਾ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਰੇਹੜੀ ਚਾਲਕ ਮੰਤਰੀਆਂ ਦੇ ਘਰਾਂ ਅੱਗੇ ਪਹੁੰਚ ਗਏ ਸਨ। ਇਸ ਦੌਰਾਨ ਰੇਹੜੀ ਚਾਲਕਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੇ।
ਵਿਰੋਧੀ ਕਰ ਰਹੇ ਸਨ ਵਾਰ: ਜਿੱਥੇ ਇੱਕ ਪਾਸੇ ਰੇਹੜੀ ਚਾਲਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਸਨ, ਉਥੇ ਹੀ ਵਿਰੋਧੀ ਵੀ ਲਗਾਤਾਰ ਮਾਨ ਸਰਕਾਰ ’ਤੇ ਨਿਸ਼ਾਨੇ ਸਾਧ ਰਹੇ ਹਨ ਤੇ ਕਿਹਾ ਜਾ ਰਿਹਾ ਸੀ ਕਿ ਸਰਕਾਰ ਗਰੀਬਾਂ ਦਾ ਰੁਜਗਾਰ ਖੋਹ ਰਹੀ ਹੈ।
ਜੁਗਾੜੂ ਮੋਟਰਸਾਈਕਲ ਰੇਹੜੀਆਂ ਦੀ ਭਰਮਾਰ: ਸੂਬੇ 'ਚ ਆਏ ਦਿਨ ਜੁਗਾੜੂ ਮੋਟਰਸਾਈਕਲ ਰੇਹੜੀਆਂ ਦੀ ਭਰਮਾਰ ਹੋ ਰਹੀ ਹੈ। ਆਮ ਸੜਕਾਂ 'ਚ ਦੇਖਿਆ ਜਾਂਦਾ ਹੈ ਕਿ ਇੰਨਾਂ ਜੁਗਾੜੂ ਰੇਹੜੀਆਂ ਦੇ ਨਾਲ ਸਾਮਾਨ ਢੋਅ ਕੇ ਲੈ ਕੇ ਜਾਂਦੇ ਹਨ ਜਾਂ ਫਿਰ ਸਵਾਰੀਆਂ ਦੀਆਂ ਢੋਆ-ਢੁਆਈ ਕਰਦੇ ਹਨ। ਇਸ ਨਾਲ ਆਮ ਲੋਕਾਂ ਦੀ ਜਾਨ ਨੂੰ ਖਤਰਾ ਤਾਂ ਹੁੰਦਾ ਹੀ ਹੈ ਪਰ ਡਰਾਈਵਰ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹਨ। ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅਜਿਹੇ ਜੁਗਾੜੂ ਮੋਟਰਸਾਈਕਲ ਆਮ ਦੇਖੇ ਜਾਂਦੇ ਹਨ।
ਸਮਰਥਾ ਤੋਂ ਵੱਧ ਢੁਆਈ: ਇੰਨ੍ਹਾਂ ਜੁਗਾੜੂ ਰੇਹੜੀਆਂ 'ਤੇ ਕਈ ਵਾਰ ਭਾਰੀ ਸਮਾਨ ਦੀ ਵੀ ਢੁਆਈ ਕੀਤੀ ਜਾਂਦੀ ਹੈ। ਕਈ ਥਾਵਾਂ 'ਤੇ ਰੇਤਾ ਬਜ਼ਰੀ ਦੀ ਢੋਅ ਢੁਆਈ ਵੀ ਇੰਨਾਂ ਨਾਲ ਕੀਤੀ ਜਾਂਦੀ ਹੈ ਤਾਂ ਹੋਰ ਕਈ ਥਾਵਾਂ 'ਤੇ ਕਰਿਆਨਾ ਜਾਂ ਹੋਰ ਘਰੇਲੂ ਸਮਾਨ ਵੀ ਇੰਨਾਂ 'ਤੇ ਢੋਏ ਜਾਂਦੇ ਹਨ। ਇਸ ਦੌਰਾਨ ਕਈ ਵਾਰ ਇੰਨ੍ਹਾਂ ਵਲੋਂ ਸਮਰਥਾ ਤੋਂ ਵੱਧ ਸਮਾਨ ਲਿਜਾਇਆ ਜਾਂਦਾ ਹੈ ਜੋ ਵੱਡੇ ਹਾਦਸੇ ਦਾ ਕਾਰਨ ਵੀ ਕਈ ਵਾਰ ਬਣਦਾ ਹੈ।
ਕਮਾਈ ਦਾ ਸਾਧਨ: ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਕਈ ਪਰਿਵਾਰਾਂ ਦਾ ਰੁਜ਼ਗਾਰ ਵੀ ਇਸ ਜੁਗਾੜੂ ਰੇਹੜੀਆਂ ਦੇ ਨਾਲ ਚੱਲਦਾ ਹੈ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਤਾਂ ਹੀ ਚੱਲਦੇ ਹਨ ਜਦੋਂ ਉਹ ਇੰਨ੍ਹਾਂ ਜੁਗਾੜੂ ਰੇਹੜੀਆਂ ਨਾਲ ਆਪਣੀ ਦਿਹਾੜੀ ਲਗਾਉਂਦੇ ਹਨ।
ਇਹ ਵੀ ਪੜੋ: ਜੁਗਾੜੂ ਰੇਹੜੀਆਂ 'ਤੇ ਪਾਬੰਦੀ ਵਾਲੇ ਹੁਕਮਾਂ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ