ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ-ਪਾਕਿ ਬਾਰਡਰ 'ਤੇ ਡਰੋਨ ਦੀ ਵਰਤੋਂ ਕਰਨ ਵਾਲੇ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜ੍ਹੇ ਗਏ ਤਸਕਰ ਬਲਕਾਰ, ਧਰਮਿੰਦਰ, ਜਿਸ 'ਤੇ ਪਹਿਲਾਂ ਵੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਦੇ ਕਈ ਮਾਮਲੇ ਦਰਜ ਹਨ, ਇਸ ਤੋਂ ਇਲਾਵਾ ਆਰਮੀ ਦੇ ਨਾਇਕ ਰੈਂਕ ਤੇ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਰਾਹੁਲ ਚੌਹਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅੰਮ੍ਰਿਤਸਰ ਪੁਲਿਸ ਨੂੰ ਤਸਕਰਾਂ ਕੋਲੋਂ 6.22 ਲੱਖ ਦੀ ਨਕਦੀ 2 ਚਾਈਨੀਜ਼ ਡਰੋਨ 12 ਬੈਟਰੀਜ਼ 2 ਵਾਇਰਲੈੱਸ ਵਾਕੀ -ਟਾਕੀ ਸੈੱਟ ਅਤੇ ਹੋਟਸਪੋਰਟ ਸਮੇਤ ਇੱਕ ਆਈ 20 ਕਾਰ ਵੀ ਬਰਾਮਦ ਕੀਤੀ ਗਈ ਹਨ। ਡੀਜੀਪੀ ਨੂੰ ਜਦੋਂ 20-20 ਰੈਫਰੈਂਡਮ ਬਾਰੇ ਪੁੱਛਿਆ ਤਾਂ ਉਨ੍ਹਾਂ ਵੱਲੋਂ ਇਨਕਾਰ ਕਰਦਿਆਂ ਕਿਹਾ ਗਿਆ ਕਿ ਫਿਲਹਾਲ ਉਨ੍ਹਾਂ ਦੀ ਜਾਂਚ ਜਾਰੀ ਹੈ।
ਧਾਰਾ 370 ਹਟਾਏ ਜਾਣ ਤੋਂ ਬਾਅਦ ਅਗਸਤ ਵਿੱਚ ਭਾਰਤ-ਪਾਕਿਸਤਾਨ ਬਾਰਡਰ 'ਤੇ ਡਰੋਨ ਮਿਲਿਆ ਸੀ ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਵੀ ਐੱਸਓਪੀ ਤਹਿਤ ਨਿਯਮ ਬਣਾ ਦਿੱਤੇ ਗਏ ਸਨ। ਫੜ੍ਹੇ ਗਏ ਤਸਕਰਾਂ ਵਿੱਚੋਂ ਧਰਮਿੰਦਰ ਸਿੰਘ ਅੰਮ੍ਰਿਤਸਰ ਦੇ ਧਨੋਆ ਖੁਰਦ ਪਿੰਡ ਦਾ ਰਹਿਣ ਵਾਲਾ, ਰਾਹੁਲ ਚੌਹਾਨ ਪੂਜਾ ਵਿਹਾਰ ਅੰਬਾਲਾ ਕੈਂਟ ਹਰਿਆਣਾ ਦਾ ਰਹਿਣ ਵਾਲਾ ਅਤੇ ਬਲਕਾਰ ਸਿੰਘ ਅੰਮ੍ਰਿਤਸਰ ਰੂਲਰ ਦੇ ਪਿੰਡ ਕਲਸ ਦਾ ਰਹਿਣ ਵਾਲਾ ਹੈ।
ਪੁਲਿਸ ਵੱਲੋਂ ਧਰਮਿੰਦਰ ਨੂੰ ਬਾਰਡਰ ਦੇ 3 ਕਿਲੋਮੀਟਰ ਨੇੜੇ ਪਿੰਡ ਹਰਦੋ ਰਤਾਂ ਤੋਂ ਗ੍ਰਿਫਤਾਰ ਕੀਤਾ ਗਿਆ। ਰਾਹੁਲ ਚੌਹਾਨ ਜੋ ਆਰਮੀ ਵਿੱਚ ਨਾਇਕ ਰੈਂਕ 'ਤੇ ਸੀ ਉਹ ਡਰੋਨ ਦੀ ਸਪਲਾਈ ਤੇ ਟ੍ਰੇਨਿੰਗ ਵੀ ਤਸਕਰਾਂ ਨੂੰ ਦਿੰਦਾ ਸੀ। ਡੀਜੀਪੀ ਦਿਨਕਰ ਗੁਪਤਾ ਮੁਤਾਬਕ 2 ਤਸਕਰਾਂ ਦੀ ਭਾਲ ਜਾਰੀ ਹੈ। ਉਨ੍ਹਾਂ ਵੱਲੋਂ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਤਸਕਰਾਂ ਤੇ ਦਹਿਸ਼ਤਗਰਦਾਂ ਨਾਲ ਲਿੰਕ ਹਨ ਜਾਂ ਨਹੀਂ।
ਡੀਜੀਪੀ ਮੁਤਾਬਕ ਰਾਹੁਲ ਚੌਹਾਨ ਦੇ ਪਾਕਿਸਤਾਨ 'ਚ ਬੈਠੇ ਤਸਕਰਾਂ ਦੇ ਨਾਲ ਲਿੰਕ ਸਨ ਤੇ ਉਹ ਨਸ਼ਿਆਂ ਦੇ ਨਾਲ ਹਥਿਆਰਾਂ ਦੀ ਤਸਕਰੀ ਵੀ ਕਰਦਾ ਸੀ। ਉਹ ਪਾਕਿਸਤਾਨੀ ਤਸਕਰਾਂ ਨੂੰ ਡਰੋਨ ਰਾਹੀਂ ਇੱਕ ਵਾਕੀ ਟਾਕੀ ਸੈੱਟ ਵੀ ਭੇਜਣ ਦੀ ਫਿਰਾਕ ਵਿੱਚ ਸੀ ਤਾਂ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਇਨ੍ਹਾਂ ਦਾ ਸੰਪਰਕ ਆਸਾਨੀ ਨਾਲ ਹੋ ਸਕੇ।
ਪੁਲਿਸ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਮੋਦੇ ਦੀ ਸਰਕਾਰੀ ਡਿਸਪੈਂਸਰੀ ਵਿੱਚੋਂ ਬਰਾਮਦ ਕੀਤਾ ਗਿਆ ਪਹਿਲਾ ਡਰੋਨ, ਦੂਜਾ ਡਰੋਨ ਕਰਨ ਵਿਹਾਰ ਸੈਕਟਰ 6 ਕਰਨਾਲ ਵਿੱਚੋਂ ਬਰਾਮਦ ਕੀਤਾ ਗਿਆ ਇਹ ਘਰ ਰਾਹੁਲ ਚੌਹਾਨ ਦੇ ਦੋਸਤ ਦਾ ਸੀ।
ਰਾਹੁਲ ਚੌਹਾਨ ਵੱਲੋਂ ਇੱਕ ਡੈਮੇਜ਼ ਡਰੋਨ olx ਤੋਂ 1.5 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ ਤੇ ਉਸ ਨੂੰ ਰਿਪੇਅਰ ਕਰਵਾ ਕੇ ਉਹ olx ਦੇ 2.75 ਲੱਖ ਦਾ ਵੇਚ ਦਿੰਦਾ ਸੀ। ਰਾਹੁਲ ਵੱਲੋਂ 3.20 ਲੱਖ ਦਾ ਪੂਨੇ ਤੋਂ ਇੱਕ ਨਵਾਂ ਡਰੋਨ ਖਰੀਦਿਆ ਗਿਆ ਤੇ ਉਸ ਨੂੰ ਅੰਮ੍ਰਿਤਸਰ ਵਿੱਚ ਇੱਕ ਕ੍ਰਿਮੀਨਲ ਨੂੰ 5.70 ਲੱਖ ਦਾ ਵੇਚ ਦਿੱਤਾ ਗਿਆ।
ਜੇਲ 'ਚ ਬੈਠੇ ਬਲਕਾਰ ਸਿੰਘ ਵੱਲੋਂ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਡਰੋਨ ਜ਼ਰੀਏ ਕਰਨ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਦੇ ਵਿੱਚ ਮਾਮਲਾ ਦਰਜ ਕਰ ਇੱਕ ਟੀਮ ਬਣਾ ਦਿੱਤੀ ਗਈ ਸੀ।