ਖੰਨਾ: ਪੰਜਾਬ ਸਰਕਾਰ ਦੁਆਰਾ ਹਰੇਕ ਸਾਲ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਨੂੰ ਯਾਦ ਕਰਦਿਆਂ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ। ਸ਼ਹੀਦ ਕਰਨੈਲ ਸਿੰਘ ਈਸੜੂ ਦਾ ਗੋਆ ਨੂੰ ਪੁਰਤਗਾਲੀਆਂ ਤੋਂ ਅਜ਼ਾਦ ਕਰਵਾਉਣ ਵਿੱਚ ਅਹਿਮ ਯੋਗਦਾਨ ਹੈ।
ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਖੰਨਾ ਦੇ ਨਜ਼ਦੀਕ ਈਸੜੂ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੁਆਰਾ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹੀਦ ਕਰਨੈਲ ਸਿੰਘ ਦਾ ਜਨਮ 9 ਸਤੰਬਰ 1930 ਨੂੰ ਪੰਜਾਬ ਦੇ ਖੰਨਾ ਤਹਿਸੀਲ ਦੇ ਪਿੰਡ ਈਸੜੂ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸੁੰਦਰ ਸਿੰਘ ਅਤੇ ਮਾਤਾ ਹਰਨਾਮ ਕੌਰ ਸਨ। 7 ਸਾਲ ਦੀ ਉਮਰ ਵਿੱਚ ਹੀ ਇਨ੍ਹਾਂ ਦੇ ਪਿਤਾ ਜੀ ਗੁਆਚ ਗਏ ਸਨ। ਉਨ੍ਹਾਂ ਦੀ ਮਾਤਾ ਅਤੇ ਵੱਡੇ ਭਰਾ ਨੇ ਉਨ੍ਹਾਂ ਨੂੰ ਪਿਆਰ ਅਤੇ ਚੰਗੀ ਦੇਖ ਭਾਲ ਨਾਲ ਪਾਲਿਆ ਸੀ।
ਸ਼ਹੀਦ ਕਰਨੈਲ ਸਿੰਘ ਨੇ ਛੋਟੀ ਉਮਰ ਵਿੱਚ ਹੀ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਦੀ ਤੋਂ ਪ੍ਰੇਰਿਤ ਹੋਏ। ਸ਼ੁਰੂ ਤੋਂ ਹੀ ਕਰਨੈਲ ਸਿੰਘ ਦੇ ਮਨ ਵਿੱਚ ਦੇਸ਼ ਪ੍ਰਤੀ ਬਹੁਤ ਜ਼ਿਆਦਾ ਪਿਆਰ ਸੀ। ਉਹ ਹਮੇਸ਼ਾ ਆਪਣੇ ਸਾਥੀਆਂ ਨੂੰ ਇੱਕਠੇ ਕਰਕੇ ਇਨਕਲਾਬੀ ਗੀਤ ਸੁਣਾਉਂਦੇ ਰਹਿੰਦੇ ਸਨ ਅਤੇ ਇਨਕਲਾਬੀ ਭਾਸ਼ਣ ਵੀ ਦਿੰਦੇ ਰਹਿੰਦੇ ਸਨ।
ਇਹ ਵੀ ਪੜ੍ਹੋ: 'ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ, ਡਿਪਲੋਮੈਟਿਕ ਰਿਸ਼ਤੇ ਤੋੜਨਾ ਪਾਕਿਸਤਾਨ ਦੀ ਨਾਸਮਝੀ'
ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਨੂੰ ਪੂਰਾ ਕਰਨ ਲਈ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਕੀਤੀ। ਗੋਆ ਉਸ ਸਮੇਂ ਪੁਰਤਗਾਲੀ ਸ਼ਾਸਨ ਦੇ ਅਧੀਨ ਸੀ। ਉਨ੍ਹਾਂ ਨੂੰ ਗੋਆ ਵਿਮੋਚਨ ਸਹਾਇਕ ਸੰਮਤੀ 1955 ਵਿੱਚ ਪੁਣੇ ਵਿੱਚ ਗੋਆ ਨੂੰ ਆਜ਼ਾਦ ਕਰਵਾਉਣ ਲਈ ਮਿਲੀ ਸੀ। ਪੰਡਤ ਕਿਸ਼ੋਰੀ ਲਾਲ, ਵਿਸ਼ਨੂ ਪੰਤ ਚਿੱਤਲੇ ਨੇ ਨੌਜਵਾਨ ਕਰਨੈਲ ਸਿੰਘ ਨੂੰ ਗੋਆ ਦੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਸ ਨੇ 1955 ਵਿੱਚ ਗੋਆ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਆਪ ਨੂੰ ਇੱਕ ਸੱਤਿਆਗ੍ਰਹੀ ਵਜੋਂ ਨਾਂਅ ਦਰਜ ਕਰਵਾਇਆ।
ਕਰਨੈਲ ਸਿੰਘ ਨੇ ਗੋਆ ਦੀ ਆਜ਼ਾਦੀ ਦੀ ਲੜਾਈ ਵਿੱਚ ਸੁੰਦਰ ਦੇਵੀ ਉੱਤੇ ਪੁਰਤਗਾਲੀ ਗੋਲੀਬਾਰੀ ਦੀ ਇਸ ਕਾਇਰਤਾ ਭਰੀ ਹਰਕਤ ਨੂੰ ਵੇਖਿਆ ਬਾਅਦ ਵਿੱਚ ਉਹ ਅੱਗੇ ਆ ਗਿਆ ਅਤੇ ਉਸ ਨੇ ਆਪਣੀ ਕਮੀਜ਼ ਨੂੰ ਪਾੜ ਕੇ ਪੁਰਤਗਾਲੀ ਲੋਕਾਂ ਨੂੰ ਚੁਣੌਤੀ ਦਿੱਤੀ। ਪੁਰਤਗਾਲੀਆਂ ਨਾਲ ਹੋਈ ਲੜਾਈ ਵਿੱਚ 25 ਸਾਲਾ ਬਹਾਦਰ ਪੰਜਾਬ ਦਾ ਸ਼ੇਰ ਕਰਨੈਲ ਸਿੰਘ ਸ਼ਹੀਦ ਹੋ ਗਿਆ।
ਪੰਜਾਬ ਸਰਕਾਰ ਵੱਲੋਂ ਹਰ ਸਾਲ ਸ਼ਹੀਦ ਕਰਨੈਲ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਦਾ ਹੈ ਪਰ ਸ਼ਹੀਦੀ ਦਿਹਾੜਾ ਦੇ ਸਮਾਗਮ ਬਾਰੇ ਜਦੋ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਗਮ ਤੋਂ ਕੁਝ ਦਿਨ ਪਹਿਲਾਂ ਹੀ ਸਰਕਾਰਾਂ ਨੂੰ ਅਤੇ ਸਬੰਧਤ ਅਧਿਕਾਰੀਆਂ ਨੂੰ ਸ਼ਹੀਦਾਂ ਦੀ ਯਾਦ ਆਉਂਦੀ ਹੈ ਅਤੇ ਉਹ ਸ਼ਹੀਦਾਂ ਦੀਆਂ ਬਣਾਈਆਂ ਸਮਾਰਕਾਂ ਦੀ ਸਾਂਭ-ਸੰਭਾਲ ਅਤੇ ਸਫ਼ਾਈ ਕਰਨਾ ਸ਼ੁਰੂ ਕਰਦੇ ਹਨ।