ਚੰਡੀਗੜ੍ਹ: ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕਾਰਮਲ ਕਾਨਵੈਂਟ ਸਕੂਲ, ਸੈਕਟਰ-9 ਵਿੱਚ ਇੱਕ ਵੱਡਾ ਦਰੱਖਤ ਡਿੱਗ ਗਿਆ। ਜਿਸ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ। ਇਸ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਚ ਆ ਗਈ ਹੈ।
ਹਰਕਤ ਚ ਪੰਜਾਬ ਸਰਕਾਰ: ਪੰਜਾਬ ਸਰਕਾਰ ਵੱਲੋਂ ਹਿਦਾਇਤ ਦਿੱਤੇ ਗਏ ਹਨ ਕਿ ਸੂਬੇ ਭਰ ਸਕੂਲਾਂ ਚ ਸਿਉਕ ਲੱਗੇ ਅਤੇ ਸੁਖੇ ਦਰੱਖਤ ਦੀ ਰਿਪੋਰਟ ਦਿੱਤੀ ਜਾਵੇ। ਨਾਲ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਤੁਰੰਤ ਇਸਦੀ ਜਾਂਚ ਨੂੰ ਕਿਹਾ ਹੈ।
ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ: ਸਿੱਖਿਆ ਵਿਭਾਗ ਨੇ ਇਸ ਸਬੰਧੀ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਚ ਸਕੂਲਾਂ ਚ ਇਮਾਰਤਾਂ ਦੇ ਨੇੜੇ ਗਰਾਉਂਡ, ਖਾਲੀ ਥਾਵਾਂ ਤੇ ਬਹੁਤ ਦਰੱਖਤ ਲੱਗੇ ਹੋਏ ਹਨ ਅਤੇ ਬਹੁਤ ਹੀ ਸਾਰੇ ਸਕੂਲਾਂ ਚ ਵਿਦਿਆਰਥੀ ਲੰਚ ਟਾਈਮ ਸਮੇਂ ਇਨ੍ਹਾਂ ਦਰੱਖਤਾਂ ਦੇ ਹੇਠਾਂ ਬੈਠਦੇ ਅਤੇ ਖੇਡਦੇ ਹਨ। ਦੇਖਣ ਚ ਆਇਆ ਹੈ ਕਿ ਜਿਆਦਾਤਰ ਦਰੱਖਤਾਂ ਨੂੰ ਸਿਉਕ ਲੱਗੀ ਹੈ ਅਤੇ ਜਾਂ ਫਿਰ ਬਿਲਕੁੱਲ ਸੁੱਕ ਚੁੱਕੇ ਹਨ ਜਿਸ ਕਾਰਨ ਹਨੇਰੀ ਆਦਿ ਦੇ ਚੱਲਣ ਕਾਰਨ ਉਹ ਡਿੱਗ ਸਕਦੇ ਹਨ।
ਸਿੱਖਿਆ ਵਿਭਾਗ ਨੇ ਅੱਗੇ ਕਿਹਾ ਕਿ ਇਸ ਲਈ ਕਿਸੇ ਅਣਸੁਖਾਂਵੀ ਘਟਨਾ ਤੋੰ ਬਚਣ ਦੇ ਲਈ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਚ ਲੱਗੇ ਅਜਿਹੇ ਦਰੱਖਤਾਂ ਸਬੰਧੀ ਸੂਚਨਾ ਜਾਰੀ ਇੱਕਠੀ ਕੀਤੀ ਜਾਵੇ, ਜਿੱਥੇ ਵਿਦਿਆਰਥੀਆਂ ਅਤੇ ਇਮਾਰਤ ਦੀ ਸੁਰੱਖਿਆ ਲਈ ਅਜਿਹੇ ਦਰੱਖਤ ਨੂੰ ਕਟਵਾਉਣ ਦੀ ਲੋੜ ਹੋਵੇ, ਇਸ ਸਬੰਧੀ ਕਾਰਵਾਈ ਕਰਨ ਦੇ ਲਈ ਵਣ ਵਿਭਾਗ ਦੇ ਨਾਲ ਸਪਰੰਕ ਕੀਤਾ ਜਾਵੇ ਅਤੇ ਯੋਗ ਪ੍ਰਣਾਲੀ ਰਾਹੀਂ ਮੁਕਮੰਲ ਕੇਲ ਮੁੱਖ ਦਫਤਰ ਵਿਖੇ ਭੇਜੇ ਜਾਣ।
ਵਿਦਿਆਰਥਣ ਦੀ ਹੋ ਗਈ ਸੀ ਮੌਤ: ਕਾਬਿਲੇਗੌਰ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 9 ਵਿਖੇ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ। ਜਿਸ ਕਾਰਨ 12 ਦੇ ਕਰੀਬ ਸਕੂਲੀ ਬੱਚੇ ਜ਼ਖਮੀ ਹੋ ਗਏ। ਹਾਦਸੇ ਚ ਇੱਕ ਬੱਚੀ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਬਹੁਤ ਹੰਗਾਮਾ ਕੀਤਾ ਗਿਆ।
ਲੰਚ ਬ੍ਰੇਕ ਸਮੇਂ ਵਾਪਰਿਆ ਸੀ ਹਾਦਸਾ: ਦੱਸ ਦਈਏ ਕਿ ਇਹ ਹਾਦਸਾ ਸਕੂਲ ਚ ਲੰਚ ਟਾਈਮ ਵਾਪਰਿਆ ਸੀ ਅਤੇ ਕਈ ਬੱਚੇ ਇਸ ਵੱਡੇ ਦਰਖਤ ਦੇ ਕੋਲ ਖੇਡ ਰਹੇ ਸੀ। ਅਚਾਨਕ ਹੀ ਦਰੱਖਤ ਬੱਚਿਆ ਦੇ ਉੱਤੇ ਡਿੱਗ ਪਿਆ। ਜਿਸ ਤੋਂ ਬਾਅਦ ਕੁਝ ਜ਼ਖਮੀ ਬੱਚਿਆ ਨੂੰ ਤੁਰੰਤ ਹੀ ਸੈਕਟਰ 16 ਚ ਭਰਤੀ ਕਰਵਾਇਆ ਗਿਆ। ਕੁਝ ਬੱਚਿਆ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਚ ਭਰਤੀ ਕਰਵਾਇਆ ਗਿਆ। ਪੀਜੀਆਈ ਚ ਭਰਤੀ ਇੱਕ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜੋ: ਸੀਐੱਮ ਫੰਡ ਅਤੇ ਪਲਾਨਿੰਗ ਵਿਭਾਗ ’ਚ 11 ਕਰੋੜ ਦਾ ਘੁਟਾਲਾ, ਤਿੰਨ ਅਧਿਕਾਰੀ ਸਸਪੈਂਡ !