ਚੰਡੀਗੜ੍ਹ: ਦੇਸ਼ ਨੂੰ ਬਾਹਰੀ ਹਮਲਾਵਰਾਂ ਅਤੇ ਅੰਦਰੂਨੀ ਖਤਰਿਆਂ ਤੋਂ ਬਚਾਉਣ ਵਾਲਿਆਂ ਦੇ ਅਥਾਹ ਯੋਗਦਾਨ ਅਤੇ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ, ਪੰਜਾਬ ਸਰਕਾਰ ਵੱਲੋਂ ਬਹਾਦਰੀ, ਵਿਸ਼ੇਸ਼ ਸੇਵਾ ਅਵਾਰਡੀਆਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਮਰਨ ਉਪਰੰਤ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀਆਂ ਵਿਧਵਾਵਾਂ/ ਰਿਸ਼ਤੇਦਾਰਾਂ ਦੇ ਮਾਸਿਕ ਭੱਤੇ ਵਿੱਚ 80 ਫ਼ੀਸਦੀ ਵਾਧਾ ਕੀਤਾ ਗਿਆ ਹੈ।
ਪਰਮਵੀਰ ਚੱਕਰ (Paramvir Chakra) ਜੇਤੂਆਂ ਦੇ ਭੱਤੇ ‘ਚ ਵਾਧਾ
ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਹਾਦਰੀ ਅਤੇ ਵਿਸ਼ੇਸ਼ ਪੁਰਸਕਾਰਾਂ ਦੇ ਕੁੱਲ 2044 ਜੇਤੂਆਂ ਵਿੱਚੋਂ ਪਰਮਵੀਰ ਚੱਕਰ ਜੇਤੂਆਂ ਦਾ ਭੱਤਾ ਮੌਜੂਦਾ 23100 ਰੁਪਏ ਤੋਂ ਵਧਾ ਕੇ 41580 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਛੇ ਅਸ਼ੋਕ ਚੱਕਰ ਪੁਰਸਕਾਰ ਅਵਾਰਡੀਆਂ ਨੂੰ 18480 ਰੁਪਏ ਦੀ ਬਜਾਏ ਹੁਣ 33264 ਰੁਪਏ ਭੱਤਾ ਮਿਲੇਗਾ ਅਤੇ 11 ਮਹਾਂਵੀਰ ਚੱਕਰ ਪੁਰਸਕਾਰ ਅਵਾਰਡੀਆਂ ਨੂੰ ਹੁਣ 17556 ਰੁਪਏ ਦੀ ਬਜਾਏ 31601 ਰੁਪਏ ਮਿਲਣਗੇ।
ਕੀਰਤੀ ਚੱਕਰ (Kirti Chakra) ਜੇਤੂਆਂ ਦਾ ਭੱਤਾ ਵੀ ਵਧਾਇਆ
ਇਸੇ ਤਰ੍ਹਾਂ 24 ਕੀਰਤੀ ਚੱਕਰ ਜੇਤੂਆਂ ਦਾ ਮਾਸਿਕ ਭੱਤਾ ਵੀ 13860 ਰੁਪਏ ਤੋਂ ਵਧਾ ਕੇ 24948 ਰੁਪਏ ਕਰ ਦਿੱਤਾ ਗਿਆ ਹੈ। 127 ਵੀਰ ਚੱਕਰ ਪੁਰਸਕਾਰ ਅਵਾਰਡੀਆਂ ਨੂੰ 10164 ਰੁਪਏ ਤੋਂ ਵਧਾ ਕੇ ਹੁਣ 18295 ਰੁਪਏ ਮਿਲਣਗੇ। ਇਸੇ ਤਰ੍ਹਾਂ, 165 ਸ਼ੌਰਿਆ ਚੱਕਰ ਜੇਤੂਆਂ ਨੂੰ ਹੁਣ 6480 ਰੁਪਏ ਦੀ ਬਜਾਏ 11664 ਰੁਪਏ ਵਧਿਆ ਭੱਤਾ ਮਿਲੇਗਾ। ਇਸ ਤੋਂ ਇਲਾਵਾ, ਸੈਨਾ/ਨੌ ਸੈਨਾ/ਵਾਯੂ ਸੈਨਾ ਮੈਡਲ (ਬਹਾਦਰੀ) ਪੁਰਸਕਾਰ ਪ੍ਰਾਪਤ ਕਰਨ ਵਾਲੇ ਕੁੱਲ 662 ਜੇਤੂਆਂ ਨੂੰ ਹੁਣ 3100 ਰੁਪਏ ਦੀ ਬਜਾਏ 5580 ਰੁਪਏ ਮਿਲਣਗੇ। ਮੈਨਸ਼ਨਡ ਇਨ੍ਹਾਂ ਡਿਸਪੈਚਸ ਐਮ.ਆਈ.ਡੀ. (ਬਹਾਦਰੀ) ਦੇ 277 ਅਵਾਰਡੀਆਂ ਨੂੰ 1550 ਰੁਪਏ ਦੀ ਬਜਾਏ 2790 ਰੁਪਏ ਮਿਲਣਗੇ। ਮਿਲਟਰੀ ਕਰਾਸ ਅਵਾਰਡੀਆਂ ਦੀਆਂ ਦੋ ਵਿਧਵਾਵਾਂ ਨੂੰ 11550 ਰੁਪਏ ਦੀ ਬਜਾਏ ਹੁਣ 20790 ਰੁਪਏ ਮਿਲਣਗੇ। ਇਸ ਤੋਂ ਇਲਾਵਾ ਪਹਿਲਾਂ ਮਿਲਟਰੀ ਮੈਡਲ ਅਵਾਰਡੀਆਂ ਦੇ ਤਿੰਨ ਲਾਭਪਾਤਰੀਆਂ ਨੂੰ 5400 ਰੁਪਏ ਤੋਂ ਵਧਾ ਕੇ 9720 ਰੁਪਏ ਦਿੱਤੇ ਜਾਣਗੇ।
ਆਈਡੀਐਸਐਮ (IDSM)ਅਵਾਰਡੀਆਂ ਨੂੰ ਵੀ ਦਿੱਤਾ ਲਾਭ
ਜ਼ਿਕਰਯੋਗ ਹੈ ਕਿ ਭਾਰਤੀ ਵਿਸ਼ੇਸ਼ ਸੇਵਾ ਮੈਡਲ (ਆਈਡੀਐਸਐਮ) ਅਵਾਰਡੀਆਂ ਦੇ ਤਿੰਨ ਲਾਭਪਾਤਰੀਆਂ ਨੂੰ ਹੁਣ 1500 ਰੁਪਏ ਤੋਂ ਵਧਾ ਕੇ 2790 ਰੁਪਏ ਮਿਲਣਗੇ। ਚਾਰ ਸਰਵੋਤਮ ਯੁੱਧ ਸੇਵਾ ਮੈਡਲ ਅਵਾਰਡੀ 770 ਰੁਪਏ ਦੀ ਬਜਾਏ ਹੁਣ 1386 ਰੁਪਏ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ, ਪਰਮ ਵਿਸ਼ਿਸ਼ਟ ਸੇਵਾ ਮੈਡਲ ਦੇ 98 ਜੇਤੂਆਂ ਨੂੰ 700 ਰੁਪਏ ਦੇ ਮੁਕਾਬਲੇ 1260 ਰੁਪਏ ਦਿੱਤੇ ਜਾਣਗੇ। ਉੱਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਨੌਂ ਅਵਾਰਡੀਆਂ ਨੂੰ 620 ਰੁਪਏ ਹੁਣ ਦੀ ਬਜਾਏ 1116 ਰੁਪਏ ਮਿਲਣਗੇ। ਇਸੇ ਤਰ੍ਹਾਂ 171 ਅਤੀ ਵਿਸ਼ਿਸ਼ਟ ਸੇਵਾ ਮੈਡਲ ਅਵਾਰਡੀਆਂ ਨੂੰ 540 ਰੁਪਏ ਦੀ ਬਜਾਏ 972 ਰੁਪਏ ਮਿਲਣਗੇ। ਇਨ੍ਹਾਂ ਤੋਂ ਇਲਾਵਾ, ਯੁੱਧ ਸੇਵਾ ਮੈਡਲ ਦੇ 47 ਜੇਤੂਆਂ ਨੂੰ 470 ਰੁਪਏ ਤੋਂ ਵਧਾ ਕੇ 846 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 84 ਸੈਨਾ/ਨੌ ਸੈਨਾ/ਵਾਯੂ ਸੈਨਾ ਮੈਡਲ (ਵਿਸ਼ੇਸ਼) ਅਵਾਰਡੀਆਂ ਨੂੰ 400 ਰੁਪਏ ਦੇ ਮੁਕਾਬਲੇ 720 ਰੁਪਏ ਦਿੱਤੇ ਜਾਣਗੇ।
ਸਪੈਸ਼ਲ ਸੇਵਾ ਮੈਡਲ (Special Service Medal) ਵਾਲਿਆਂ ਨੂੰ ਦਿੱਤਾ ਇਹ ਲਾਭ
ਇਸ ਤੋਂ ਇਲਾਵਾ, ਵਿਸ਼ਿਸ਼ਟ ਸੇਵਾ ਮੈਡਲ ਦੇ 339 ਅਵਾਰਡੀਆਂ ਨੂੰ 400 ਰੁਪਏ ਦੀ ਬਜਾਏ 720 ਰੁਪਏ ਮਿਲਣਗੇ। ਇਸ ਤੋਂ ਇਲਾਵਾ 12 ਐਮ.ਆਈ.ਡੀ. (ਵਿਸ਼ੇਸ਼) ਜੇਤੂਆਂ ਨੂੰ ਹੁਣ 310 ਰੁਪਏ ਦੀ ਥਾਂ 558 ਰੁਪਏ ਮਿਲਣਗੇ।
ਇਹ ਵੀ ਪੜ੍ਹੋ:Assembly Elections 2022: ਚੌਣ ਕਮੀਸ਼ਨਰ ਡਾ. ਐਸ ਕਰੂਣਾ ਰਾਜੂ ਨੇ ਤਿਆਰੀਆਂ ਨੂੰ ਲੈਕੇ ਕੀਤੀ ਇਹ ਗੱਲ