ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਆਪਣੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਇਸ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੱਤੀ ਹੈ। ਇਸ ਬਾਰੇ ਦੱਸਦੇ ਹੋਏ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਵਿਧਾਇਕਾਂ ਨੂੰ ਕੁੱਲ 17 ਗੱਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਿਧਾਇਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਨ੍ਹਾਂ ਦੀਆਂ ਗੱਡੀਆਂ ਕੰਡਮ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਕੰਡਮ ਗੱਡੀਆਂ ਨੂੰ ਪੇਸ਼ ਕਰਕੇ ਹੁਣ ਟਰਾਂਸਪੋਰਟ ਵਿਭਾਗ 17 ਮੰਤਰੀਆਂ ਨੂੰ ਸਰਕਾਰੀ ਗੱਡੀਆਂ ਮੁਹਈਆ ਕਰਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿੱਤ ਮੰਤਰੀ ਨਾਲ ਗੱਲ ਕੀਤੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਕੋਲੋਂ ਬਜਟ ਲਈ ਹਾਮੀ ਨਹੀਂ ਭਰੀ ਗਈ ਹੈ। ਸੁਲਤਾਨਾਂ ਨੇ ਕਿਹਾ ਕਿ ਵਿੱਤ ਮੰਤਰੀ ਕੋਲੋਂ ਬਜਟ ਆਵੇ ਜਾਂ ਨਾ ਆਵੇ ਪਰ ਉਹ ਵਿਧਾਇਕਾਂ ਨੂੰ ਗੱਡੀਆਂ ਦੇਣਗੇ। ਇਸ ਲਈ ਭਾਵੇਂ ਲੋਨ ਲੈਣਾ ਪਵੇ ਜਾਂ ਫਿਰ ਹੋਰ ਕੁਝ ਜੁਗਾੜ ਕਰਨਾ ਪਵੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਟ੍ਰੈਫ਼ਿਕ ਨਿਯਮਾਂ ਦੇ 'ਚ ਬਦਲਾਅ ਪਹਿਲਾਂ ਤੋਂ ਹੀ ਕੀਤਾ ਗਿਆ ਸੀ। ਜਿਸ ਦੇ ਚੱਲਦੇ ਟ੍ਰੈਫਿਕ ਨਿਯਮਾਂ ਚ ਬਦਖੋਹੀ ਕਰਨ ਵਾਲਿਆਂ ਲਈ ਜ਼ੁਰਮਾਨਾ ਦੱਸ ਗੁਣਾ ਵੱਧਾ ਦਿੱਤਾ ਗਿਆ ਸੀ, ਪਰ ਇਹ ਐਕਟ ਪੰਜਾਬ 'ਚ ਲਾਗੂ ਨਹੀਂ ਕੀਤਾ ਗਿਆ ਸੀ।
ਹੁਣ ਪੰਜਾਬ ਸਰਕਾਰ ਨੇ ਵੀ ਆਪਣਾ ਖਜ਼ਾਨਾ ਭਰਨ ਦੇ ਲਈ ਇਹ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਲਈ ਹੈ।ਰਜ਼ੀਆ ਸੁਲਤਾਨਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਗਮੀ ਦੋ-ਤਿੰਨ ਦਿਨਾਂ 'ਚ ਨਵੇਂ ਟ੍ਰੈਫ਼ਿਕ ਨਿਯਮ ਲਾਗੂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨਿਯਮ ਨਾ ਮੰਨਣ ਵਾਲੇ ਲੋਕਾਂ ਨੂੰ ਭਾਰੀ ਜ਼ੁਰਮਾਨਾ ਭਰਨਾ ਪੈ ਸਕਦਾ ਹੈ।