ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਕੂਲੀ ਅਧਿਆਪਕਾਂ ਲਈ ਨਵੀਂ ਤਬਾਦਲਾ ਨੀਤੀ ਲਾਗੂ ਕੀਤੀ ਹੈ। ਇਸ ਬਾਰੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਨੀਤੀ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਸੇਵਾ ਕਾਲ ਵਿੱਚ ਵਾਧਾ ਲੈਣ ਵਾਲੇ ਮੁਲਾਜ਼ਮਾਂ ਨੂੰ ਛੱਡ ਕੇ ਟੀਚਿੰਗ ਕਾਰਡ ਦੀਆਂ ਸਾਰੀਆਂ ਅਸਾਮੀਮਾਂ ਈਟੀਟੀ, ਐੱਚਟੀ, ਸੀਐੱਚਟੀ, ਮਾਸਟਰ, ਸੀ ਐਂਡ ਵੀ, ਲੈਕਚਰਾਰ ਤੇ ਵੋਕੇਸ਼ਨਲ ਮਾਸਟਰਜ਼ 'ਤੇ ਲਾਗੂ ਹੋਵੇਗੀ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਮ ਤਬਾਦਲੇ ਸਰਕਾਰ ਵੱਲੋਂ ਨੋਟੀਫ਼ਾਈ ਕਰਨ ਮੁਤਾਬਕ ਸਾਲ ਵਿੱਚ ਇੱਕ ਵਾਰ ਕੀਤੇ ਜਾਣਗੇ। ਸਿੰਗਲਾ ਨੇ ਕਿਹਾ ਕਿ ਨਵੇਂ ਸਕੂਲ, ਸਕੂਲਾਂ/ਸੈਕਸ਼ਨਾਂ ਦੀ ਅਪਗ੍ਰੇਡੇਸ਼ਨ, ਨਵੇਂ ਵਿਸ਼ੇ/ਸਟਰੀਮ ਨੂੰ ਸ਼ਾਮਲ ਕਰਨਾ ਤੇ ਟੀਚਿੰਗ ਅਸਾਮੀਆਂ ਦੀ ਰੀਡਿਸਟ੍ਰੀਬਿਊਸ਼ਨ/ਰੈਸ਼ਨੇਲਾਈਜੇਸ਼ਨ ਸਬੰਧੀ ਫ਼ੈਸਲਾ ਹਰੇਕ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਲਿਆ ਜਾਵੇਗਾ। ਇਸ ਤੋਂ ਬਾਅਦ 1 ਜਨਵਰੀ ਤੋਂ 15 ਜਨਵਰੀ ਤੱਕ 'ਐਕਚੂਅਲ ਵਕੈਂਸੀਜ਼ ਸਬੰਧੀ ਨੋਟੀਫਿਕੇਸ਼ਨ ਦਿੱਤਾ ਜਾਵੇਗਾ। 15 ਜਨਵਰੀ ਤੋਂ 15 ਫਰਵਰੀ ਤੱਕ ਯੋਗ ਅਧਿਆਪਕ ਸਕੂਲਾਂ ਸਬੰਧੀ ਆਪਣੀ ਚੋਣ ਆਨਲਾਈਨ ਦਰਜ ਕਰਨਗੇ। ਤਬਾਦਲਿਆਂ ਸਬੰਧੀ ਹੁਕਮ ਹਰੇਕ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਤੇ ਅਪ੍ਰੈਲ ਦੇ ਪਹਿਲੇ ਮਹੀਨੇ ਜੁਆਇਨਿੰਗ ਹੋਵੇਗੀ।
ਇਸ ਦੇ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਸਰਵਿਸ ਪੁਆਇੰਟਸ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸੇਵਾਕਾਲ ਦੀ ਕੁੱਲ ਸਮਾਂ ਸੀਮਾ, ਉਮਰ ਕਾਰਕ ਵੀ ਵਿਚਾਰਿਆ ਜਾਵੇਗਾ ਜਿਸ ਵਿੱਚ 48 ਤੇ 49 ਸਾਲ ਦੀ ਉਮਰ ਦੇ ਅਧਿਆਪਕਾਂ ਨੂੰ ਕ੍ਰਮਵਾਰ 1 ਤੇ 2 ਨੰਬਰ ਦਿੱਤੇ ਜਾਣਗੇ।
ਇਸ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ 10 ਨੰਬਰ ਰੱਖੇ ਜਾਣਗੇ ਜੋ ਅਧਿਆਪਕ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੁਝ ਸ਼੍ਰੇਣੀਆਂ ਜਿਵੇਂ ਮਹਿਲਾਵਾਂ, ਵਿਧਵਾ, ਵਿਧੁਰ, ਖਾਸ ਲੋੜਾਂ ਵਾਲੇ ਵਿਅਕਤੀ, ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਆਪਕਾਂ ਲਈ 50 ਪੁਆਇੰਟ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ਦਾ ਲਾਭ ਉਕਤ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀ ਲੈ ਸਕਦੇ ਹਨ।
ਟਰਾਂਸਫ਼ਰ ਪਾਲਿਸੀ ਦੇ ਤਹਿਤ, ਕਪਲ ਟੀਚਰ, ਸਿਨਿਓਰਿਟੀ, ਮਹਿਲਾ-ਪੁਰਸ਼ ਦੇ ਅਧਾਰ 'ਤੇ ਪਾਲਿਸੀ ਵਿਚ ਧਿਆਨ ਦਿੱਤਾ ਗਿਆ ਹੈ। ਉੱਥੇ ਹੀ ਦਿਵਯਾਂਗ ਤੇ ਪੀੜਤਾਂ ਨੂੰ ਵੀ ਪਹਿਲ ਦੇ ਅੱਧਾਰ ਤੇ ਟਰਾਂਸਫਰ ਲਈ ਵੇਖਿਆ ਜਾਵੇਗਾ। ਪਾਲਿਸੀ ਅੰਦਰ ਸਟਾਫ਼ ਨਹੀਂ ਆਵੇਗਾ।
ਪੋਸਟਿੰਗ ਵਾਲੇ ਸਕੂਲ ਦੀ ਗਰੇਡਿੰਗ, ਅਧਿਆਪਕਾਂ ਦੀ ਸਲਾਨਾ ਗੁਪਤ ਰਿਪੋਰਟ ਆਦਿ ਕਾਰਕਾਂ ਨੂੰ ਵਿਚਾਰਨ ਨਾਲ ਪਿਛਲੇ 5 ਸਾਲਾਂ ਦੇ ਨਤੀਜਿਆਂ/ਰਿਪੋਰਟਾਂ ਦੀ ਔਸਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਤੇ ਨਾਲ ਹੀ ਜਿਸ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਹੋਵੇ, ਉਸ ਨੂੰ ਹੋਰ 15 ਨੰਬਰ ਮਿਲਣਗੇ।