ਚੰਡੀਗੜ੍ਹ : ਕੋਵਿਡ-19 ਦੀ ਸਮੱਸਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਬੇਨਤੀ 'ਤੇ ਪੰਜਾਬ ਡਿਸਟਿਲਰੀਜ਼ ਸੈਨੇਟਾਈਜ਼ਰ ਤਿਆਰ ਕਰ ਰਹੀਆਂ ਹਨ। ਇਸ ਦੀ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦਿੱਤੀ ਗਈ ਹੈ।
ਐਨ.ਵੀ. ਡਿਸਟਿਲਰੀ ਪਟਿਆਲਾ, ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਸ ਬਨੂੜ, ਬਠਿੰਡਾ ਕੈਮੀਕਲਜ਼ ਲਿਮਟਿਡ ਬਠਿੰਡਾ, ਚੱਡਾ ਸ਼ੂਗਰ ਐਂਡ ਡਿਸਟਿਲਰੀਜ਼ ਗੁਰਦਾਸਪੁਰ, ਜਗਤਜੀਤ ਡਿਸਟਿਲਰੀ ਹਮੀਰਾ ਅਤੇ ਪਾਇਨੀਅਰ ਇੰਡਸਟਰੀਜ਼ ਪਠਾਨਕੋਟ ਨਾ ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਫਾਰਮੂਲੇ ਮੁਤਾਬਕ ਸੈਨੇਟਾਈਜ਼ਰ ਬਣਾ ਰਹੇ ਹਨ ਬਲਕਿ ਐਫ.ਡੀ.ਏ. ਪੰਜਾਬ ਵੱਲੋਂ ਦਰਸਾਈ ਗਈ ਲੋੜ ਮੁਤਾਬਕ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਵੀ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਬਿਲਕੁਲ ਮੁਫ਼ਤ ਕਰ ਰਹੇ ਹਨ।
ਸਰਕਾਰੀ ਹਦਾਇਤਾਂ ਦੇ ਮੁਤਾਬਕ ਹੈਂਡ ਸੈਨੇਟਾਈਜ਼ਰ 96% ਈਥਾਨੋਲ, 3% ਹਾਈਡਰੋਜਨ ਪਰਆਕਸਾਈਡ, ਗਲਿਸਰਿਲ, ਅਨੁਮਾਨਤ ਰੰਗ ਅਤੇ ਸਟਿਰਲਾਈਜ਼ ਪਾਣੀ ਦੇ ਮਿਸ਼ਰਣ ਨਾਲ ਬਣਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੋਵਿਡ-19 ਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਵਿੱਚ ਸੈਨੇਟਾਈਜ਼ਰਾਂ ਦੀ ਭਾਰੀ ਮੰਗ ਹੈ। ਬਾਜ਼ਾਰ ਵਿੱਚ ਸੈਨੇਟਾਈਜ਼ਰਾਂ ਦੀ ਭਾਰੀ ਕਮੀ ਨੇ ਕਾਲਾਬਾਜ਼ਾਰੀ ਨੂੰ ਜਨਮ ਦਿੱਤਾ ਹੈ।
ਹੋਰ ਪੜ੍ਹੋ :ਪੰਜਾਬ ਕਰਫਿਊ: ਡਿਊਟੀ ਨਿਭਾਉਣ ਵਾਲਿਆਂ ਲਈ ਅੱਗੇ ਆਈ ਲੁਧਿਆਣਾ ਟ੍ਰੈਫਿਕ ਪੁਲਿਸ
ਇਹ ਡਿਸਟਿਲਰੀਆਂ ਥੋਕ ਮਾਤਰਾ 'ਚ ਸੈਨੇਟਾਈਜ਼ਰਾਂ ਦੀਆਂ ਰੋਜ਼ਮਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿਚ, ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਵਰਤਣ ਲਈ ਲਗਭਗ 33000 ਲੀਟਰ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪੁਲਿਸ ਫੋਰਸ ਨੂੰ ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਵਰਤੋਂ ਲਈ ਵੀ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਵਰਤੋਂ ਲਈ ਵੀ ਡਿਪਟੀ ਕਮਿਸ਼ਨਰਾਂ ਨੂੰ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਜਾ ਰਹੀ ਹੈ।