ਚੰਡੀਗੜ੍ਹ: 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ਵਿੱਚ ਇੱਕ ਸਮਾਗਮ 'ਚ ਸੰਬੋਧਨ ਕੀਤਾ। ਕੈਪਟਨ ਅਮਰਿੰਦਰ ਨੇ ਆਪਣੇ ਸੰਬੋਧਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ 'ਚ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਨੂੰ ਸਾਹਮਣੇ ਰੱਖਿਆ ਗਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗਿਆਰਾਂ ਯੂਨੀਵਰਸਿਟੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁਰਸੀ ਸਥਾਪਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਮੁਤਾਬਕ ਜਾਤ ਪਾਤ ਤੋਂ ਉਪਰ ਉੱਠ ਕੇ ਇਨਸਾਨੀਅਤ ਅਤੇ ਸਾਂਝੀਵਾਲਤਾ ਦਾ ਜੋ ਸੰਦੇਸ਼ ਸੀ ਉਸ 'ਤੇ ਚੱਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਈਐੱਸਆਈ ਦੀ ਗਤੀਵਿਧੀਆਂ ਨੂੰ ਰੋਕਣਾ ਪਵੇਗਾ।
‘ਸਿੱਖਸ ਫ਼ਾਰ ਜਸਟਿਸ’ ਅਗਲੇ ਵਰ੍ਹੇ ‘ਰਾਇਸ਼ੁਮਾਰੀ 2020’ ਦੇ ਨਾਂਅ ਉੱਤੇ ਕਾਫ਼ੀ ਪ੍ਰਚਾਰ ਕਰ ਰਹੀ ਹੈ। ਉਹ ਦਾਅਵਾ ਕਰ ਰਹੀ ਹੈ ਕਿ ਸਾਰੇ ਸਿੱਖਾਂ ਤੋਂ ਰਾਇਸ਼ੁਮਾਰੀ (ਵੋਟਿੰਗ) ਕਰਵਾਈ ਜਾਵੇਗੀ ਕਿ ਉਨ੍ਹਾਂ ਨੂੰ ਵੱਖਰੇ ਖ਼ਾਲਿਸਤਾਨੀ ਰਾਜ ਦੀ ਜ਼ਰੂਰਤ ਹੈ ਕਿ ਨਹੀਂ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਨਾਨਕਾਣਾ ਸਾਹਿਬ ਜਾਣ ਵਾਲਿਆਂ ਲਈ ਪਾਸਪੋਰਟ ਦੀ ਸ਼ਰਤ ਨੂੰ ਹਟਾ ਦੇਣਾ ਚਾਹੀਦਾ ਹੈ। ਪਾਕਿਸਤਾਨ ਨੂੰ ਚਾਹੀਦਾ ਹੈ ਕਿ 20 ਡਾਲਰ ਦੀ ਫੀਸ ਨੂੰ ਵੀ ਬੰਦ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਅਜਮੇਰ ਸ਼ਰੀਫ ਅਤੇ ਨਿਜ਼ਾਮੁੱਦੀਨ ਦੀ ਦਰਗਾਹ 'ਤੇ ਆਉਣ ਵਾਲਿਆਂ ਤੋਂ ਕੋਈ ਵੀ ਟੈਕਸ ਨਹੀਂ ਵਸੂਲਿਆ ਨਹੀਂ ਜਾਂਦਾ ਹੈ।
ਮੁੱਖ ਮੰਤਰੀ ਨੇ ਉਸ ਬੱਸ ਰਾਹੀਂ ਪਾਕਿਸਤਾਨ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਇਮਰਾਨ ਖ਼ਾਨ ਨਾਲ ਪੁਰਾਣੇ ਕ੍ਰਿਕਟ ਦੇ ਰਿਸ਼ਤਿਆਂ ਦੀ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ ਸੀ। ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਪੰਜਾਬ ਵਿੱਚ ਹੋ ਰਹੇ ਕੰਮਾਂ ਬਾਰੇ ਵੀ ਇਸ਼ਾਰਾ ਕਰਦੇ ਹੋਏ ਆਪਸੀ ਤਾਲਮੇਲ ਅਤੇ ਇੱਕ ਦੂਜੇ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ।