ਚੰਡੀਗੜ੍ਹ: ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਕਾਂਗਰਸੀ ਵਿਧਾਇਕ ਹੀ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆਏ। ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਤੇ ਨਿਰਮਲ ਸਿੰਘ ਸ਼ੁਤਰਾਨਾ ਨੂੰ ਦਿੱਲੀ ਦੇ ਪੰਜਾਬ ਭਵਨ 'ਚ ਕਮਰਾ ਨਾ ਮਿਲਣ ਤੋਂ ਬਾਅਦ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ।
ਵਿਧਾਇਕ ਫਤਹਿਜੰਗ ਬਾਜਵਾ ਤੇ ਪਰਮਿੰਦਰ ਪਿੰਕੀ ਨੇ ਰਜਨੀਸ਼ ਮੈਣੀ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਦਕਿ ਵਿਧਾਇਕਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਮਾਮਲਾ ਭੱਖਦਾ ਵੇਖ ਸਪੀਕਰ ਰਾਣਾ ਕੇਪੀ ਵੱਲੋਂ ਮੁੱਖ ਸਕੱਤਰ ਸਮੇਤ ਅਫਸਰਾਂ ਨੂੰ ਤਲਬ ਕਰ ਦਿੱਤਾ ਗਿਆ ਹੈ।
ਹਾਲਾਂਕਿ ਸਪੀਕਰ ਨੇ ਸਦਨ ਵਿੱਚ ਕਹਿ ਦਿੱਤਾ ਕਿ ਇਹ ਕਦੇ ਨਹੀਂ ਹੋਣ ਦਿੱਤਾ ਜਾਵੇਗਾ ਕਿ ਪਹਿਲਾਂ ਸਕੱਤਰਾਂ ਨੂੰ ਜਾਂ ਅਫ਼ਸਰਾਂ ਨੂੰ ਰੂਮ ਅਲਾਟ ਕੀਤੇ ਜਾਣ ਵਿਧਾਇਕਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਜਾਵੇਗਾ।
ਵਿਧਾਇਕਾਂ ਨੂੰ ਰੂਮ ਅਲਾਟਮੈਂਟ ਨੂੰ ਲੈ ਕੇ ਹੋ ਰਹੀ ਸਿਆਸਤ ਦੇ ਉੱਪਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਵਿਧਾਇਕਾਂ ਨੂੰ ਦਰਕਿਨਾਰ ਕਰ ਸੂਬੇ ਵਿੱਚ ਅਫ਼ਸਰਸ਼ਾਹੀ ਹਾਵੀ ਹੋ ਚੁੱਕੀ ਹੈ।
ਇੰਨਾ ਹੀ ਨਹੀਂ ਆਪ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਉਹ ਦਿੱਲੀ ਵਿੱਚ ਪੰਜਾਬ ਭਵਨ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਅਫ਼ਸਰ ਨੇ ਤਿੰਨ ਹਜ਼ਾਰ ਦਾ ਨੋਟਿਸ ਦਿੱਤਾ ਕਿ ਜੇਕਰ ਉਹ ਕਮਰਾ ਖਾਲੀ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਤਿੰਨ ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ।