ਚੰਡੀਗੜ੍ਹ: 14 ਫ਼ਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ 28 ਜਨਵਰੀ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਪੰਜਾਬ ਭਾਜਪਾ ਮੁੱਖ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਸਮਿਤੀ ਦੀ ਬੈਠਕ 27 ਅਤੇ 28 ਜਨਵਰੀ ਨੂੰ ਹੋਣੀ ਹੈ ਅਤੇ ਇਸ ਮੌਕੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਭਾਜਪਾ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਅਲੱਗ ਹੋ ਕੇ ਪਹਿਲੀ ਵਾਰ ਇਹ ਚੋਣਾਂ ਲੜੇਗੀ।
ਉਨ੍ਹਾਂ ਦੱਸਿਆ ਕਿ 24 ਜਨਵਰੀ ਨੂੰ ਚੰਡੀਗੜ੍ਹ ਵਿਖੇ ਭਾਜਪਾ ਕੋਰ ਗਰੁੱਪ ਦੀ ਬੈਠਕ ਸੱਦੀ ਗਈ ਹੈ, ਜਿਸ ਵਿੱਚ ਚੋਣ ਰਣਨੀਤੀ ਬਾਰੇ ਚਰਚਾ ਕੀਤੀ ਜਾਵੇਗੀ।
ਕਿਹੜੇ ਮੁੱਦਿਆਂ 'ਤੇ ਚੋਣ ਲੜਨੀ ਹੈ, ਨਾਲ ਹੀ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਦੇ ਮੁੱਦੇ 'ਤੇ ਚੋਣ ਲੜੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਇਸ ਵਾਰ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਕਈ ਸਾਰੇ ਵਾਅਦੇ ਕਰਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਸੀ ਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਪੰਜਾਬ ਵਿੱਚ ਸੜਕਾਂ ਦੀ ਬੁਰੀ ਹਾਲਤ ਹੈ ਅਤੇ ਵਿਕਾਸ ਦੇ ਕੰਮ ਪੂਰੇ ਤਰੀਕੇ ਨਾਲ ਠੱਪ ਪਏ ਹਨ। ਕਾਂਗਰਸ ਦਾ ਆਧਾਰ ਪੂਰੇ ਤਰੀਕੇ ਨਾਲ ਪੰਜਾਬ ਵਿੱਚ ਫੇਲ੍ਹ ਹੋ ਚੁੱਕਾ ਹੈ। ਇਸ ਕਰਕੇ ਉਹ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਕਿ ਲੋਕ ਇਨ੍ਹਾਂ ਮੁੱਦਿਆਂ ਤੋਂ ਭਟਕ ਕੇ ਦੂਜੇ ਪਾਸੇ ਲੱਗ ਜਾਣ।