ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਅਤੇ ਕੋਰੋਨਾ (Corona instruction) ਬਿਮਾਰੀ। ਇਹ ਇਸ ਵੇਲੇ ਇੱਕ ਅਹਿਮ ਮੁੱਦਾ ਹੋ ਸਕਦਾ ਹੈ। ਇੱਕ ਪਾਸੇ ਕੋਰੋਨਾ ਦਾ ਨਵਾਂ ਵੈਰੀਅੰਟ ਚੱਲ ਰਿਹਾ ਹੈ ਤੇ ਦੂਜੇ ਪਾਸੇ ਚੋਣਾਂ ਸਿਰ ’ਤੇ ਹਨ। ਅਜਿਹੇ ਵਿੱਚ ਜਿਥੇ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੋਣਾਂ ਤੈਅ ਸਮੇਂ ’ਤੇ ਹੀ ਹੋਣਗੀਆਂ, ਉਥੇ ਇਹ ਵੀ ਕਿਹਾ ਗਿਆ ਕਿ ਕੋਰੋਨਾ ਪ੍ਰਤੀ ਪੂਰਾ ਅਹਿਤਿਆਤ ਵਰਤਿਆ ਜਾਵੇਗਾ ਤੇ ਇਸ ਨੂੰ ਧਿਆਨ ਹਿੱਤ ਰੱਖ ਕੇ ਹੀ ਚੋਣ ਪ੍ਰੋਗਰਾਮ ਚਲਾਇਆ ਜਾਵੇਗਾ। ਅਜਿਹੇ ਵਿੱਚ ਪੰਜਾਬ ਵਿੱਚ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਆਪਣੇ ਆਪ ਵਿੱਚ ਕਈ ਸੁਆਲ ਖੜ੍ਹੇ ਕਰ ਰਹੀਆਂ ਹਨ।
15 ਜਨਵਰੀ ਤੋਂ ਹਦਾਇਤਾਂ ਲਾਗੂ ਹੋਣ ਪਿੱਛੇ ਕਿਤੇ ਇਹ ਤਾਂ ਨਹੀਂ ਹੈ ਕਾਰਣ
ਪੰਜਾਬ ਸਰਕਾਰ ਵੱਲੋਂ ਗ੍ਰਹਿ ਸਕੱਤਰ ਅਨੁਰਾਗ ਵਰਮਾ ਦੇ ਹੁਕਮ ਤਹਿਤ ਕੋਰੋਨਾ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ 15 ਜਨਵਰੀ ਤੋਂ ਲਾਗੂ ਹੋਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੀ ਇਨ੍ਹਾਂ ਦਿਨਾਂ ਵਿੱਚ ਹੀ ਐਲਾਨ ਹੋਣ ਦੀ ਸੰਭਾਵਨਾ ਹੈ ਤੇ ਚੋਣ ਜਾਬਤਾ ਲਾਗੂ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਵਿੱਚ ਇਕੱਠ ਕਰਨ ’ਤੇ ਪਾਬੰਦੀ ਦਾ ਜਿਕਰ ਕਿਤੇ ਵੀ ਨਹੀਂ ਕੀਤਾ ਗਿਆ, ਜਦੋਂਕਿ ਇਸ ਤੋਂ ਪਹਿਲਾਂ ਜਦੋਂ ਵੀ ਕੋਰੋਨਾ ਪਾਬੰਦੀ ਦੀਆਂ ਹਦਾਇਤਾਂ ਲਾਗੂ ਕੀਤੀਆਂ ਜਾਂਦੀਆਂ ਸੀ, ਉਦੋਂ ਇਕੱਠ ਕਰਨ ਯਾਨੀ ਚੋਣਾਂ ਦੇ ਸਮੇਂ ਵਿੱਚ ਰੈਲੀਆਂ ਤੇ ਜਲੂਸ (Rally and procession) ਕੱਢਣ ’ਤੇ ਪਾਬੰਦੀ ਲਗਾਈ ਜਾਂਦੀ ਰਹੀ ਹੈ।
ਹਦਾਇਤਾਂ ਵਿੱਚੋਂ ਰੈਲੀ-ਜਲੂਸ ਤੇ ਧਰਨੇ ਗਾਇਬ
ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ 15 ਜਨਵਰੀ 2022 ਤੋਂ ਜਿੱਥੇ ਜ਼ਿਆਦਾ ਭੀੜ ਹੈ, ਖਾਸ ਕਰਕੇ ਸਬਜ਼ੀ ਮੰਡੀ, ਅਨਾਜ ਮੰਡੀ, ਜਨਤਕ ਟਰਾਂਸਪੋਰਟ, ਮਾਲ, ਸ਼ਾਪਿੰਗ ਕੰਪਲੈਕਸ, ਸਥਾਨਕ ਬਾਜ਼ਾਰ ਅਤੇ ਜਿੱਥੇ ਜ਼ਿਆਦਾ ਲੋਕ ਹੁੰਦੇ ਹਨ, ਉੱਥੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਹੋਣ। ਇਨ੍ਹਾਂ ਹਦਾਇਤਾਂ ਵਿੱਚ ਰੈਲੀ ਕਰਨ ਜਾਂ ਜਲੂਸ ਕੱਢਣ ’ਤੇ ਕਿਤੇ ਵੀ ਪਾਬੰਦੀ ਨਹੀਂ ਲਗਾਈ ਗਈ ਹੈ ਤੇ ਦੂਜਾ ਇਹ ਹਦਾਇਤਾਂ 15 ਜਨਵਰੀ ਤੋਂ ਲਾਗੂ ਹੋਣਗੀਆਂ।
ਪਾਰਟੀਆਂ ਨੇ ਲਗਾਇਆ ਚੋਣ ਪ੍ਰਚਾਰ ’ਤੇ ਜੋਰ
ਇਨ੍ਹਾਂ ਹਦਾਇਤਾਂ ਤੋਂ ਕਿਤੇ ਨਾ ਕਿਤੇ ਇਹ ਗੱਲ ਸਾਫ ਝਲਕ ਰਹੀ ਹੈ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਸਰਕਾਰ ਰੈਲੀਆਂ ਕਰਕੇ ਚੋਣ ਪ੍ਰਚਾਰ ’ਤੇ ਜੋਰ ਲਗਾਉਣਾ ਚਾਹੁੰਦੀ ਹੈ। ਉਂਜ ਹੋਰ ਪਾਰਟੀਆਂ ਵੀ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋ ਰਿਹਾ ਹੈ ਤੇ ਕਿਤੇ ਵੀ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਕਿਸੇ ਨੇ ਕੋਰੋਨਾ ਡੋਜ਼ ਲਈ ਹੋਈ ਹੈ ਜਾਂ ਨਹੀਂ। ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸੱਤਾ ਧਿਰ ਕਾਂਗਰਸ ਪਾਰਟੀ ਤੇ ਜਾਂ ਫੇਰ ਆਮ ਆਦਮੀ ਪਾਰਟੀ, ਸਾਰੀਆਂ ਹੀ ਪਾਰਟੀਆਂ ਆਪੋ ਆਪਣੀਆਂ ਚੋਣ ਰੈਲੀਆਂ ਕਰ ਰਹੀਆਂ ਹਨ ਤੇ ਇਹੋ ਨਹੀਂ ਧਰਨੇ ਪ੍ਰਦਰਸ਼ਨ ਵੀ ਬਾਦਸਤੂਰ ਜਾਰੀ ਹਨ।
ਘਟ ਰਹੀ ਹੈ ਟੈਸਟਿੰਗ
ਭਾਵੇਂ ਸਰਕਾਰ ਕੋਰੋਨਾ ਸਬੰਧੀ ਪਾਬੰਦੀਆਂ ਲਗਾ ਰਹੀ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਕੋਰੋਨਾ ਦੇ ਰੋਜਾਨਾ ਕੀਤੇ ਜਾਂਦੇ ਟੈਸਟਾਂ ਵਿੱਚ ਵੀ ਕਮੀ ਆਈ ਹੈ। ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਦੀ ਟੈਸਟਿੰਗ ਦੱਸ ਰਹੀ ਹੈ ਕਿ ਟੈਸਟ ਘਟਦੇ ਜਾ ਰਹੇ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਜਿਥੇ 22 ਦਸੰਬਰ ਨੂੰ 25347 ਸੈਂਪਲ ਲਏ ਗਏ ਤੇ 24706 ਟੈਸਟ ਕੀਤੇ ਗਏ, ਉਥੇ 23 ਦਸੰਬਰ ਨੂੰ ਸੈਂਪਲਿੰਗ ਤੇ ਟੈਸਟਿੰਗ ਦਾ ਇਹ ਅੰਕੜਾ 19561-19160, 24 ਦਸੰਬਰ ਨੂੰ 20701-20982, 25 ਦਸੰਬਰ ਨੂੰ 17596-17423, 26 ਦਸੰਬਰ ਨੂੰ 12940-13023, 27 ਦਸੰਬਰ ਨੂੰ 7262-7255 ਤੇ 28 ਦਸੰਬਰ ਨੂੰ 10958-11126 ਰਿਹਾ ਸੀ। ਇਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਕੋਰੋਨਾ ਬਿਮਾਰੀ ਘਟ ਰਹੀ ਹੈ।
ਇਹ ਹੈ ਕੋਰੋਨਾ ਬਿਮਾਰੀ ਦੀ ਸਥਿਤੀ
ਇੱਕ ਪਾਸੇ ਪੰਜਾਬ ਵਿੱਚ ਟੈਸਟਿੰਗ ਘਟ ਰਹੀ ਹੈ ਪਰ ਦੂਜੇ ਪਾਸੇ ਜੇਕਰ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ 22 ਦਸੰਬਰ ਨੂੰ ਕੋਰੋਨਾ ਕੇਸਾਂ ਦੀ ਗਿਣਤੀ 305 ਸੀ, 23 ਦਸੰਬਰ ਨੂੰ 314, 24 ਦਸੰਬਰ ਨੂੰ 335, 25 ਦਸੰਬਰ ਨੂੰ 347, 26 ਦਸੰਬਰ ਨੂੰ 375, 27 ਦਸੰਬਰ ਨੂੰ 392 ਤੇ 28 ਦਸੰਬਰ ਨੂੰ ਕੇਸਾਂ ਦੀ ਗਿਣਤੀ 390 ਸੀ। ਇਸ ਦੇ ਨਾਲ ਹੀ ਕੋਰੋਨਾ ਦੇ ਨਵੇਂ ਵੇਰੀਅੰਟ ਓਮੀਕ੍ਰੋਨ ਦੀ ਗੱਲ ਕਰੀਏ ਤਾਂ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਦੀ ਸਥਿਤੀ ਦੱਸਦੀ ਹੈ ਕਿ ਕੇਸਾਂ ਦੀ ਗਿਣਤੀ ਚਿਤਾਵਨੀ ਭਰਪੂਰ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਓਮੀਕ੍ਰੋਨ ਦੇ 238 ਕੇਸ ਹਨ ਜਦੋਂਕਿ ਚੰਡੀਗੜ੍ਹ ਵਿੱਚ 3, ਹਰਿਆਣਾ ਵਿੱਚ 12, ਰਾਜਸਥਾਨ ਵਿੱਚ 46 ਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਕੇਸ ਹੈ ਤੇ ਪੰਜਾਬ ਵਿੱਚ ਅਜੇ ਸ਼ਾਂਤੀ ਹੈ ਤੇ ਓਮੀਕ੍ਰੋਨ ਦਾ ਕੋਈ ਕੇਸ ਨਹੀਂ ਆਇਆ ਪਰ ਗੁਆਂਢੀ ਸੂਬਿਆਂ ਦੇ ਹਾਲਾਤ ਤੋਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਓਮੀਕ੍ਰੋਮ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਦਿੱਲੀ ’ਚ ਓਮੀਕਰੋਨ ਦੇ 73 ਨਵੇਂ ਕੇਸ , ਕੁੱਲ ਮਾਮਲੇ 238