ਚੰਡੀਗੜ੍ਹ: ਪਨਬਸ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਅੱਜ ਦੂਜਾ ਦਿਨ ਹੈ ਜਿਸ ਕਰਕੇ ਮੁਸਾਫ਼ਰਾਂ ਅਤੇ ਸਰਕਾਰ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਮੁਲਾਜ਼ਮਾਂ ਵੱਲੋਂ ਕੈਬਿਨੇਟ ਮੰਤਰੀ ਰਜੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ।
ਦੱਸ ਦਈਏ, ਕੁੱਝ ਰੋਡਵੇਜ਼ ਦੀਆਂ ਬੱਸਾਂ ਚੱਲਣਗੀਆਂ ਪਰ ਫਿਰ ਵੀ ਪਨਬਸ ਦੀਆਂ ਬੱਸਾਂ ਦੀ ਕਮੀ ਪੂਰੀ ਨਹੀਂ ਹੋਵੇਗੀ। ਇਸ ਹੜਤਾਲ ਕਾਰਨ ਵਿਭਾਗ ਨੂੰ ਹਰ ਰੋਜ਼ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਜਾਣਕਾਰੀ ਮੁਤਾਬਕ ਪਨਬਸ ਕਰਮਚਾਰੀ ਕੱਚਿਆਂ ਨੂੰ ਰੈਗੂਲਰ ਕਰਨ, ਕੰਮ ਦੇ ਬਰਾਬਰ ਤਨਖ਼ਾਹ ਦਾ ਫ਼ੈਸਲਾ ਲਾਗੂ ਕਰਨ, ਪਨਬਸ ਕਰਮਚਾਰੀਆਂ ਅਤੇ ਰੋਡਵੇਜ਼ ਕਰਮਚਾਰੀਆਂ ਦੇ ਬਰਾਬਰ ਨਿਯਮ ਲਾਗੂ ਕਰਕੇ ਸਾਰੀਆਂ ਸਹੂਲਤਾਂ ਦੇਣ, ਠੇਕੇ 'ਤੇ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ 'ਤੇ ਹਨ।
ਪਨਬਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਜੀ.ਟੀ.ਯੂ ਮੁਤਾਬਕ ਉਨ੍ਹਾਂ ਨੂੰ 18 ਹਜ਼ਾਰ 600 ਰੁਪਏ ਤਨਖ਼ਾਹ ਦਿੱਤੀ ਜਾਵੇ।