ਚੰਡੀਗੜ੍ਹ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਰਾਗੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੇ ਪ੍ਰਬੰਧ ਲਈ ਲਾਂਗਰੀ ਭੇਜਣ ਦੀ ਮੰਗ ਰੱਦ ਕਰ ਦਿੱਤੀ ਹੈ।
ਇਸ ਬਾਰੇ ਪੀਐੱਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਭਾਰਤ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਰਾਗੀ ਜਥਿਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰਬਾਣੀ ਦਾ ਕੀਰਤਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਰਾਗੀ ਨਿਰਧਾਰਿਤ ਸਮੇਂ ਲਈ ਕੀਰਤਨ ਕਰ ਸਕਣਗੇ। ਇਸ ਦੇ ਨਾਲ ਹੀ ਇਨ੍ਹਾਂ ਰਾਗੀਆਂ ਨੂੰ ਆਮ ਸ਼ਰਧਾਲੂਆਂ ਵਾਂਗ ਸਵੇਰੇ ਆ ਕੇ ਸ਼ਾਮ ਨੂੰ ਵਾਪਿਸ ਪਰਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਾਲੇ ਹੋਏ ਸਮਝੌਤੇ ਮੁਤਾਬਿਕ ਸ਼ਰਧਾਲੂ ਸਵੇਰੇ ਮੱਥਾ ਟੇਕਣ ਲਈ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿਖੇ ਐੱਸਜੀਪੀਸੀ ਵੱਲੋਂ ਲਾਂਗਰੀ ਭੇਜਣ ਦੀ ਮੰਗ ਨੂੰ ਰੱਦ ਕਰਨ ਨੂੰ ਲੈ ਕੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਲੰਗਰ ਦਾ ਪ੍ਰਬੰਧ ਪੀਐੱਸਪੀਜੀਪੀਸੀ ਵੱਲੋਂ ਕੀਤਾ ਜਾਵੇਗਾ। ਇਸ ਲਈ ਗੁਰਦੁਆਰਾ ਸਾਹਿਬ ਵਿੱਚ 150 ਵਿਅਕਤੀਆਂ ਦਾ ਅਮਲਾ ਭਰਤੀ ਕੀਤਾ ਗਿਆ ਹੈ।