ਚੰਡੀਗੜ੍ਹ: ਪੀਆਰਟੀਸੀ ਤੇ ਪਨਬੱਸ ਠੇਕਾ ਮੁਲਾਜ਼ਮਾਂ (PRTC and PUNBUS contract employees) ਦੀ ਮੁਕੰਮਲ ਹੜਤਾਲ ਦਾ ਅੱਜ ਦੂਜਾ ਦਿਨ ਹੈ। ਦੱਸ ਦਈਏ ਕਿ ਮੁਲਾਜ਼ਮਾਂ ਵੱਲੋਂ ਕੁਝ ਦਿਨ ਪਹਿਲਾਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚਲਦੇ ਇਹ ਹੜਤਾਲ 7 ਦਸਬੰਰ ਤੋਂ ਸ਼ੁਰੂ ਹੋ ਗਈ ਹੈ ਜਿਸ ਦਾ ਅੱਜ ਦੂਜਾ ਦਿਨ ਹੈ।
ਇਹ ਵੀ ਪੜੋ: ਸੂਬੇ ਭਰ ’ਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ, ਲੋਕ ਪਰੇਸ਼ਾਨ
ਇਸ ਮੌਕੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਉਹ ਇਸੇ ਤਰ੍ਹਾਂ ਡਟੇ ਰਹਿਣਗੇ ਅਤੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਹ ਮੁਕੰਮਲ ਹੜਤਾਲ ‘ਤੇ ਰਹਿਣਗੇ।
ਉਥੇ ਹੀ ਮੁਲਾਜ਼ਮਾਂ ਨੇ ਦੱਸਿਆ ਕਿ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲਿਆ, ਪਰ ਕੋਈ ਵੀ ਸਿੱਟਾ ਪੰਜਾਬ ਸਰਕਾਰ ਨੇ ਨਹੀਂ ਕੱਢਿਆ। ਇਸੇ ਰੋਸ ਦੇ ਚੱਲਦਿਆਂ ਹੁਣ ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ (PRTC and PUNBUS contract employees) ਵੱਲੋਂ ਮੰਗਲਵਾਰ ਤੋਂ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਜੇ ਫਿਰ ਵੀ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਪਹਿਲੇ ਦਿਨ ਇਸ ਤਰ੍ਹਾਂ ਰਹੀ ਹੜਤਾਲ
ਬੀਤੇ ਦਿਨ ਤੋਂ ਸ਼ੁਰੂ ਹੋਈ ਹੜਤਾਲ ਦਾ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਤੇ ਸਵਾਰੀਆਂ ਨੂੰ ਵੀ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ।
ਬਠਿੰਡਾ ’ਤ ਮੁਲਾਜ਼ਮ ਨੇ ਧੱਕੇ ਨਾਲ ਬੱਸ ਸਟੈਂਡ ’ਚ ਕੀਤੀ ਐਂਟਰੀ
ਬਠਿੰਡਾ ਦੇ ਬੱਸ ਸਟੈਂਡ ਵਿੱਚ ਵੱਡੀ ਗਿਣਤੀ ਵਿੱਚ ਧੱਕੇ ਨਾਲ ਵੜੇ ਇਨ੍ਹਾਂ ਪੀਆਰਟੀਸੀ ਦੇ ਪਨਬੱਸ ਡਰਾਈਵਰਾਂ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਤੋਂ ਇਹ ਵਿਭਾਗ ਠੇਕਾ ਮੁਲਾਜ਼ਮ ’ਤੇ ਪਿਆ ਹੈ, ਉਦੋਂ ਤੋਂ ਪੀਆਰਟੀਸੀ ਅਤੇ ਪਨਬੱਸ ਨੂੰ ਮੁਨਾਫ਼ੇ ਵਿੱਚ ਲੈ ਕੇ ਜਾ ਰਹੇ ਸਨ ਤਾਂ ਉਦੋਂ ਅਸੀਂ ਚੰਗੇ ਸੀ, ਪਰ ਜਦੋਂ ਅਸੀਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਤਾਂ ਸਾਨੂੰ ਡਿੱਪੂ ਵਿੱਚੋਂ ਜ਼ਲੀਲ ਕਰਕੇ ਕੱਢਿਆ ਗਿਆ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬਠਿੰਡਾ ਬੱਸ ਸਟੈਂਡ ਪੁਲਿਸ ਛਾਉਣੀ ‘ਚ ਤਬਦੀਲ
ਹੜਤਾਲ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਖ਼ਤੀ ਵਰਤਦਿਆਂ ਬਠਿੰਡਾ ਬੱਸ ਸਟੈਂਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਸਵੇਰ ਤੋਂ ਹੀ ਪੁਲਿਸ ਮੁਲਾਜ਼ਮ ਬੱਸ ਸਟੈਂਡ ਦਾ ਇੱਕ ਗੇਟ ਬੰਦ ਕਰੀ ਬੈਠੇ ਸਨ ਅਤੇ ਦੂਸਰੇ ਪਾਸੇ ਇਸ ਹੜਤਾਲ ਦੇ ਚੱਲਦਿਆਂ ਸਰਕਾਰੀ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੀ ਅਤੇ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਮੁਸਾਫਰਾਂ ਨੂੰ ਸਫਰ ਕਰਵਾਇਆ ਗਿਆ।
ਜਲੰਧਰ ’ਚ ਵੀ ਬੱਸਾਂ ਰਹੀਆਂ ਬੰਦ
ਜਲੰਧਰ ਵਿੱਚ ਵੀ ਰੋਡਵੇਜ਼ ਮੁਲਾਜ਼ਮ ਬੱਸ ਸਟੈਂਡ ਤੋਂ ਬਾਹਰ ਬਣੇ ਪੰਜਾਬ ਰੋਡਵੇਜ਼ ਦੇ ਦਫ਼ਤਰ ਅੰਦਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠ ਗਏ ਹਨ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰਾਂ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸਿਰਫ ਲਾਅਰੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰ ਵੱਲੋਂ ਕੀਤੇ ਵਾਅਦਿਆਂ ਵਿੱਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ।
ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਦੇ ਪਰਿਵਹਿਨ ਮਹਿਕਮੇ ਨੂੰ ਕਰੀਬ ਦਸ ਹਜ਼ਾਰ ਬੱਸਾਂ ਦੀ ਲੋੜ ਹੈ ਜਦਕਿ ਮਹਿਕਮੇ ਵੱਲੋਂ ਨਾਮਾਤਰ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੱਚੇ ਰੋਡਵੇਜ਼ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਵੀ ਦਿੱਤੀ ਜਾਵੇ।
ਲੁਧਿਆਣਾ ’ਚ ਵੀ ਲੋਕ ਹੋਏ ਪਰੇਸ਼ਾਨ
ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ (prtc and punbus contract employee) ਦੀ ਹੜਤਾਲ ਕਾਰਨ ਲੁਧਿਆਣਾ ਵਿੱਚ ਵੀ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਦੇ ਕਾਰਨ ਤਕਰੀਬਨ 95 ਫੀਸਦ ਬੱਸਾਂ ਬੰਦ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰ ਰਹੀ ਹੈ।
ਹੜਤਾਲ ’ਤੇ ਗਏ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਲਾਰੇ ਲਾ ਦਿੱਤੇ ਜਾਂਦੇ ਹਨ ਜਿਸ ਕਰਕੇ ਮਜਬੂਰੀ ਕਾਰਨ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਕਾਰਨ ਚੋਣ ਜਾਬਤਾ ਲੱਗਣ ਨੂੰ ਕੁਝ ਸਮਾਂ ਰਹਿ ਗਿਆ ਹੈ ਪਰ ਸਰਕਾਰ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ।
ਇਹ ਵੀ ਪੜੋ: ਕਪੂਰਥਲਾ ’ਚ ਕਾਂਗਰਸੀ ਹੋਏ ਦੋਫਾੜ, ਵਰਕਰਾਂ ਨੇ ਰਾਣਾ ਗੁਰਜੀਤ ਦੇ ਟੈਂਟ ਪੁੱਟੇ
ਕਾਬਿਲੇਗੌਰ ਹੈ ਕਿ ਪੰਜਾਬ ਭਰ ਦੇ ਕੁੱਲ 27 ਡਿਪੂਆਂ ਦੇ ਵਿੱਚ ਇਹ ਹੜਤਾਲ ਚੱਲ ਰਹੀ ਹੈ। ਹੜਤਾਲ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਲਈ ਦੱਸ ਹਜ਼ਾਰ ਨਵੀਆਂ ਸਰਕਾਰੀ ਬੱਸਾਂ ਚਲਾਈਆਂ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਅਡਵਾਂਸ ਬੁੱਕਰ ਡਾਟਾ ਐਂਟਰੀ ਅਪਰੇਟਰਾਂ ਦੀ ਤਨਖਾਹ ਵਧਾਈ ਜਾਵੇ। ਇਸ ਤੋਂ ਇਲਾਵਾ ਨਾਜਾਇਜ਼ ਕੰਡੀਸ਼ਨ ਦੇ ਤਹਿਤ ਕੱਢੇ ਗਏ ਮੁਲਾਜ਼ਮਾਂ ਦੀ ਮੁੜ ਭਰਤੀਆਂ ਕੀਤੀਆਂ ਜਾਣ।