ਬਰਨਾਲਾ:ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ (Harjeet Grewal) ‘ਤੇ ਇੱਕ ਨਿੱਜੀ ਵੈੱਬ ਚੈਨਲ ਦੀ ਮਹਿਲਾ ਪੱਤਰਕਾਰ (Lady Journalist) ਬੀਬੀ ਸ਼ਾਲੂ ਮਿਰੋਕ ਨਾਲ ਕਥਿਤ ਭੱਦੀ ਸ਼ਬਦਾਵਲੀ ਵਰਤ ਕੇ ਬਦਸਲੂਕੀ ਕਰਨ ਦਾ ਦੋਸ਼ ਲੱਗਿਆ ਹੈ। ਜਿਸ ਨੂੰ ਲੈ ਕੇ ਬਰਨਾਲਾ ਪ੍ਰੈਸ ਕਲੱਬ ਵਲੋਂ ਜਿਥੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਜਿੱਥੇ ਨਿਖੇਧੀ ਕੀਤੀ ਗਈ, ਉਥੇ ਮਹਿਲਾ ਪੱਤਰਕਾਰ ਨਾਲ ਬਦਸਲੂਕੀ (Misbehave)ਕਰਨ ਵਾਲੇ ਇਸ ਸੂਬਾਈ ਭਾਜਪਾ ਆਗੂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਪੰਜਾਬ ਸਰਕਾਰ ਤੋਂ ਕੀਤੀ ਗਈ।
ਇਸ ਸਬੰਧੀ ਬਰਨਾਲਾ ਪ੍ਰੈਸ ਕਲੱਬ (Press Club) ਵਲੋਂ ਪ੍ਰਧਾਨ ਅਸ਼ੀਸ ਸ਼ਰਮਾ ਅਤੇ ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੂੰ ਸੌਂਪਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਸ਼ੀ਼ਸ ਸ਼ਰਮਾ ਤੋਂ ਇਲਾਵਾ ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ, ਸੀਨੀ. ਮੀਤ ਪ੍ਰਧਾਨ ਬਰਜਿੰਦਰ ਮਿੱਠਾ, ਯਾਦਵਿੰਦਰ ਸਿੰਘ ਭੁੱਲਰ ਅਤੇ ਕਮਲਜੀਤ ਸਿੰਘ ਸੰਧੂ ਨੇ ਕਿਹਾ ਕਿ ਪੱਤਰਕਾਰਾਂ ਤੇ ਸ਼ਬਦੀ ਜਾਂ ਜਾਨਲੇਵਾ ਹਮਲਿਆਂ ਦਾ ਇਹ ਕੋਈ ਪਹਿਲਾ ਵਰਤਾਰਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਿੰਨੇ ਹੀ ਪੱਤਰਕਾਰਾਂ ਨੂੰ ਸੱਚੀ ਸੁੱਚੀ ਪੱਤਰਕਾਰੀ ਕਰਨ ਬਦਲੇ ਆਪਣੀਆਂ ਜਾਨਾਂ ਗੁਆਉਣੀਆਂ (Sacrificed) ਪਈਆਂ ਹਨ।
ਉਨਾਂ ਕਿਹਾ ਕਿ ਜਿਸ ਤਰਾਂ ਦੀ ਸ਼ਬਦਾਵਲੀ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਹਰਜੀਤ ਗਰੇਵਾਲ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਗੱਲਬਾਤ ਦੌਰਾਨ ਵਰਤੀ ਗਈ ਹੈ, ਉਹ ਬੇਹੱਦ ਹੀ ਨਿੰਦਣਯੋਗ ਅਤੇ ਔਰਤ ਦੇ ਸਨਮਾਨ ਨੂੰ ਢਾਹ ਲਾਉਣ ਵਾਲੀ ਹੈ। ਇਸ ਲਈ ਬਰਨਾਲਾ ਦਾ ਪੱਤਰਕਾਰ ਭਾਈਚਾਰਾ ਮੰਗ ਕਰਦਾ ਹੈ ਕਿ ਹਰਜੀਤ ਗਰੇਵਾਲ ਦੇ ਖਿਲਾਫ ਇੱਕ ਪੱਤਰਕਾਰ ਨੂੰ ਡਰਾਉਣ, ਧਮਕਾਉਣ ਅਤੇ ਇੱਕ ਔਰਤ ਦੇ ਸਨਮਾਨ ਨੂੰ ਢਾਹ ਲਾਉਣ ਬਦਲੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਲੱਬ ਦੇ ਅਹੁਦੇਦਾਰ ਚੰਦ ਸਿੰਘ ਬੰਗੜ, ਅਮਨਦੀਪ ਸਿੰਘ, ਹਮੀਰ ਸਿੰਘ, ਚਮਕੌਰ ਸਿੰਘ ਗੱਗੀ, ਅਮਨਦੀਪ ਸਿੰਘ ਰਾਠੌਰ, ਅਮਜ਼ਦ ਖ਼ਾਨ ਦੁੱਗਾਂ, ਮਨਿੰਦਰ ਸਿੰਘ, ਮੱਖਣ ਸਿੰਘ ਲੌਂਗੋਵਾਲ, ਤੁਸ਼ਾਰ ਆਰੀਆ, ਤੁਸ਼ਾਰ ਸ਼ਰਮਾ ਆਦਿ ਆਗੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ:ਮਜਬੂਰੀ ਨਹੀਂ ਬਣਨ ਦਿੱਤੀ ਸਰੀਰਕ ਕਮਜੋਰੀ, ਕਰ ਰਿਹਾ ਸਮਾਜ ਸੇਵਾ