ਚੰਡੀਗੜ੍ਹ: ਕੇਂਦਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦਾ ਲਗਾਤਾਰ ਪੰਜਾਬ ਦੇ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਨੂੰ ਕੇਂਦਰ ਸਰਕਾਰ ਦਾ ਸਾਥ ਦੇਣ ਲਈ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਅਕਾਲੀ ਆਗੂ ਆਪਣੇ ਬਚਾਅ ਲਈ ਅੱਗੇ ਆ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨ ਆਰਡੀਨੈਂਸਾਂ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੱਤਾ।
ਚੰਦੂਮਾਜਰਾ ਨੇ ਸੁਨੀਲ ਜਾਖੜ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਲਈ ਆਪਣੀ ਭਾਈਵਾਲ ਪਾਰਟੀ ਦਾ ਵਿਰੋਧ ਕਰ ਸਕਦੀ ਹੈ ਤਾਂ ਕਾਂਗਰਸ ਨੂੰ ਵੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸੂਬਾ ਸਰਕਾਰ ਤੋਂ ਟੈਕਸ ਘਟਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਤੇਲ 'ਤੇ ਟੈਕਸ ਘਟਾਉਂਦਾ ਹੈ ਤਾਂ ਅਕਾਲੀ ਦਲ ਵੀ ਕੇਂਦਰ ਵਿੱਚ ਆਪਣੀ ਭਾਈਵਾਲ ਪਾਰਟੀ ਤੋਂ ਟੈਕਸ ਘਟਾਉਣ ਦੀ ਮੰਗ ਕਰ ਸਕਦੀ ਹੈ।
ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਨੇ ਕਿਸਾਨਾਂ ਦੀ ਹਿੱਕ ‘ਤੇ ਹੀ ਵਜ਼ੀਰੀ ਵਾਲੀ ਕੁਰਸੀ ਡਾਹੀ: ਭਗਵੰਤ ਮਾਨ
ਇਸ ਦੇ ਨਾਲ ਹੀ ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਕਿਸਾਨ ਆਰਡੀਨੈਂਸਾਂ ਸਬੰਧੀ ਆਰਐਸਐਸ ਨੇ ਵੀ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਫ਼ੈਸਲਾ ਕਿਸਾਨ ਵਿਰੋਧੀ ਹੋਵੇਗਾ ਉਸ ਲਈ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜੇਗਾ।