ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲਗਾਤਾਰ ਹਮਲਾਵਰ ਹੋ ਰਹੇ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਤਾਰੀਫ਼ ਕਰਕੇ ਨਵੇਂ ਸਿਆਸੀ ਸਮੀਕਰਨ ਛੇੜ ਦਿੱਤੇ ਹਨ। 3 ਦਿਨ ਪਹਿਲਾਂ ਸਿੱਧੂ ਵੱਲੋਂ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਗਿਆ ਸੀ, ਪਰ ਮੰਗਲਵਾਰ ਨੂੰ ਟਵੀਟ ਕਰ ਕਿਹਾ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਉਨ੍ਹਾਂ ਦੇ ਕੰਮ ਨੂੰ ਪਛਾਣਿਆਂ ਹੈ ਤੇ ਚੰਗੇ ਮੁੱਦੇ ਚੁੱਕੇ ਹਨ। ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਵੀ ਪਤਾ ਕਿ ਅਸਲ ਵਿੱਚ ਪੰਜਾਬ ਲਈ ਕੌਣ ਲੜ ਰਿਹਾ ਜਿਸ ਤੋਂ ਬਾਅਦ ਸਿਆਸਤ ਤੇਜ਼ ਹੋ ਚੁੱਕੀ ਹੈ।
ਇਹ ਵੀ ਪੜੋ: ਹੁਣ 'ਗੱਬਰ' ਨੇ ਲਿਆ ਸਿੱਧੂ ਨਾਲ ਸਿੱਧਾ ਪੰਗਾ !
ਭਗਵੰਤ ਮਾਨ ਨੇ ਸਿੱਧੂ ਨੂੰ ਕੀਤਾ ਸੀ ਸਵਾਲ
ਬੀਤੇ ਦਿਨ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਇਹੀ ਸੁਆਲ ਕੀਤਾ ਸੀ ਕਿ ਤਿੰਨ ਥਰਮਲ ਪਲਾਂਟ ਸੂਬੇ ਵਿੱਚ ਚਲਾਉਣ ਵਾਲੀ ਕੰਪਨੀਆਂ ਵੱਲੋਂ ਦਿੱਤੇ ਕਰੋੜਾਂ ਦੇ ਫੰਡ ਉਪਰ ਨਵਜੋਤ ਸਿੰਘ ਸਿੱਧੂ ਟਵੀਟ ਕਰਨ ਤਾਂ ਜੋ ਉਹ ਮੰਨ ਜਾਣ ਕਿ ਉਹ ਆਪਣਿਆਂ ਵਿੱਚ ਵੀ ਗ਼ਲਤੀ ਜੇਕਰ ਕੋਈ ਕਰਦਾ ਉਸ ਨੂੰ ਦੱਸਦੇ ਹਨ।
ਸਿੱਧੂ ਹੀ ਦੇ ਸਕਦੇ ਹਨ ਜਵਾਬ
ਇਸ ਬਾਰੇ ਜਦੋਂ ਈਟੀਵੀ ਭਾਰਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕੀ ਇਹ ਸਵਾਲ ਹਾਈਪੋਥੈਟੀਕਲ ਸਵਾਲ ਹੈ ਇਸ ਬਾਰੇ ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਹਨ। ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਹਾਲਾਂਕਿ ਸਿਆਸਤ ਵਿੱਚ ਅਸਲੀਅਤ ਦੇ ਆਧਾਰ ਉੱਤੇ ਗੱਲ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਕਦੀ ਆਮ ਆਦਮੀ ਪਾਰਟੀ ਨੂੰ ਲੈ ਕੇ ਤਿੱਖੇ ਟਵੀਟ ਕਰਦੇ ਹਨ ਤਾਂ ਕਦੀ ਸੌਫਟ ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਟਵੀਟ ਸਿੰਘ ਰੱਖ ਦੇਣਾ ਚਾਹੀਦਾ ਹੈ।
ਸਿੱਧੂ ਖੁਦ ਬਣਦੇ ਹਨ ਕੈਪਟਨ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਬਲਵਿੰਦਰ ਸਿੰਘ ਗੁਰਾਇਆ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਟੀਮ ਵਰਕ ਵਿੱਚ ਕੰਮ ਨਹੀਂ ਕਰ ਸਕਦੇ ਅਤੇ ਸਿਆਸਤ ਵਿੱਚ ਇੱਕ ਟੀਮ ਵਿੱਚ ਹੀ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਚਲੇ ਜਾਣ ਭਾਵੇਂ ਕਿਸੇ ਹੋਰ ਪਾਰਟੀ ਵਿੱਚ ਕਿਤੇ ਵੀ ਅਡਜਸਟ ਨਹੀਂ ਹੋ ਸਕਦੇ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਹਰ ਰੋਜ਼ ਇੱਕ ਦੂਜੇ ਨਾਲ ਲੜਨਗੇ।
AAP ਨੂੰ ਝੱਲਣਾ ਪਵੇਗਾ ਸਿੱਧੂ
ਭਾਜਪਾ ਲੀਡਰ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਰੱਖਣਾ ਹੈ ਤਾਂ ਇਸ ਨੂੰ ਝੱਲਣਾ ਪਵੇਗਾ, ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਹ ਤਾਂ ਕਹਿ ਦਿੱਤਾ ਕਿ ਪੰਜਾਬ ਵਿੱਚ ਸਿੱਖ ਚਿਹਰਾ ਸੀ ਲੈ ਕੇ ਆਵਾਂਗੇ ਪਰ ਭਗਵੰਤ ਮਾਨ, ਕੁੰਵਰ ਵਿਜੇ ਪ੍ਰਤਾਪ ਅਤੇ ਨਵਜੋਤ ਸਿੰਘ ਸਿੱਧੂ ਤਿੰਨੋਂ ਸਿੱਖ ਹਨ ਇਸ ਕਰਕੇ ਇਹ ਭੰਬਲਭੂਸਾ ਏਨਾ ਵਿਚ ਬਣਿਆ ਰਹੇਗਾ।
ਉੱਥੇ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਅਟਕਲਾਂ ਬਾਰੇ ਸੁਆਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਸਿਰਫ ਮੀਡੀਆ ਦੀ ਹੀ ਸੁਰਖੀਆਂ ਹਨ ਇਸ ਵਿੱਚ ਕੋਈ ਸੱਚਾਈ ਨਹੀਂ ਹੈ।
ਦੱਸ ਦੇਈਏ ਕਿ ਇਹ ਚਰਚਾ ਇਸ ਕਰਕੇ ਵੀ ਵਧੀ ਹੈ ਕਿਉਂਕਿ ਇਕ ਪਾਸੇ ਜਿੱਥੇ ਅਰਵਿੰਦ ਕੇਜਰੀਵਾਲ ਇਹ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਆਮ ਆਦਮੀ ਪਾਰਟੀ ਵੱਲੋਂ ਚਿਹਰਾ ਸਿੱਖ ਹੋਵੇਗਾ, ਚਰਚਾ ਗਰਮ ਹਨ ਕਿ ਉਹ ਚਿਹਰਾ ਨਵਜੋਤ ਸਿੰਘ ਸਿੱਧੂ ਵੀ ਹੋ ਸਕਦੇ ਹਨ। ਫਿਲਹਾਲ ਇਸ ਵਿੱਚ ਕਈ ਵੱਡੇ ਸਵਾਲ ਖੜ੍ਹੇ ਹੁੰਦੇ ਹਨ।