ਲੁਧਿਆਣਾ: ਪੁਲਿਸ ਦੀ ਕ੍ਰਾਈਮ ਬ੍ਰਾਂਚ 2 ਨੇ ਧੋਖੇ ਨਾਲ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਸ਼ਾਤਿਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਦੋਵੇਂ ਮੁਲਜ਼ਮ ਬਹੁਤ ਹੀ ਸ਼ਾਤਿਰ ਢੰਗ ਨਾਲ ਲੋਕਾਂ ਨਾਲ ਏਟੀਐਮ ਰਾਹੀਂ ਠੱਗੀ ਮਾਰਦੇ ਸਨ, ਦੋਵਾਂ ਮੁਲਜ਼ਮਾਂ ਦੀ ਸ਼ਨਾਖ਼ਤ ਸੰਦੀਪ ਕੁਮਾਰ ਅਤੇ ਮੋਹਿਤ ਕੁਮਾਰ ਵਜੋਂ ਹੋਈ ਹੈ। ਦੋਵੇਂ ਸ਼ਾਤਿਰ ਮੁਲਜ਼ਮ ਬਜ਼ੁਰਗ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਪੁਲਿਸ ਅਨੁਸਾਰ ਇਹ ਦੋਵੇਂ ਮੁਲਜ਼ਮ ਏਟੀਐਮ ਦੇ ਬਾਹਰ ਖੜ੍ਹੇ ਰਹਿੰਦੇ ਸਨ ਅਤੇ ਲੋਕਾਂ ਦੀ ਮਦਦ ਕਰਨ ਦੇ ਨਾਂ 'ਤੇ ਉਨ੍ਹਾਂ ਦਾ ਪਾਸਵਰਡ ਲੈ ਕੇ ਨਕਲੀ ਕਾਰਡ ਨਾਲ ਉਨ੍ਹਾਂ ਦਾ ਅਸਲੀ ਕਾਰਡ ਬਦਲ ਕੇ ਪੈਸੇ ਨਿਕਲਾ ਲੈਂਦੇ ਸਨ।
ਇਨ੍ਹਾਂ ਸ਼ਾਤਿਰ ਠੱਗਾਂ ਦੇ ਫੜ੍ਹੇ ਜਾਣ ਤੋਂ ਬਾਅਦ ਲੁਧਿਆਣਾ ਦੇ ਡੀਸੀਪੀ ਐੱਸ.ਪੀ.ਐੱਸ. ਢੀਂਡਸਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਜਮਾਲਪੁਰ ਚੌਂਕ ਤੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਕੋਲੋਂ ਵੱਖ-ਵੱਖ ਬੈਂਕਾਂ ਦੇ ਏਟੀਐਮ ਕਾਰਡ ਵੀ ਬਰਾਮਦ ਹੋਏ ਹਨ। ਡੀਸੀਪੀ ਢੀਂਡਸਾ ਨੇ ਦੱਸਿਆ ਕਿ ਬੀਤੇ ਲੰਮੇਂ ਸਮੇਂ ਤੋਂ ਇਹ ਲੋਕਾਂ ਨਾਲ ਲੁੱਟ-ਖਸੁੱਟ ਕਰ ਰਹੇ ਸਨ। ਮੁਲਜ਼ਮਾਂ ਤੋਂ ਨਗਦੀ ਵੀ ਬਰਾਮਦ ਹੋਈ ਹੈ ਅਤੇ ਕਈ ਹਜ਼ਾਰਾਂ ਰੁਪਏ ਦਾ ਇਹ ਲੋਕਾਂ ਨੂੰ ਚੂਨਾ ਲਾ ਚੁੱਕੇ ਹਨ।
ਇਸ ਮੌਕੇ ਫੜ੍ਹੇ ਗਏ ਮੁਲਜ਼ਮਾਂ ਨੇ ਵੀ ਕੈਮਰੇ ਸਾਹਮਣੇ ਆਪਣਾ ਜ਼ੁਰਮ ਕਬੂਲ ਕਰਦਿਆਂ ਦਸਿਆ ਕਿ ਕਿਵੇਂ ਉਹ ਇਸ ਪੂਰੀ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਉਹ ਲੋਕਾਂ ਦੇ ਏਟੀਐਮ ਕਾਰਡ ਨੂੰ ਜਾਅਲੀ ਕਾਰਡ ਨਾਲ ਤਬਦੀਲ ਕਰ ਦਿੰਦੇ ਸਨ। ਮਦਦ ਦੇ ਬਹਾਨੇ ਲੋਕਾਂ ਤੋਂ ਉਨ੍ਹਾਂ ਦਾ ਪਾਸਵਰਡ ਪੁੱਛ ਲੈਂਦੇ ਸਨ।