ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਆ ਰਹੇ 551 ਸਾਲਾ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ ਜਾਣ ਦੇਣ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਲੈਂਡਜ਼ ਪੋਰਟਸ ਅਥਾਰਟੀ ਆਫ ਇੰਡੀਆ (ਐਲ ਪੀ ਏ ਆਈ) ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਿਹੜੇ ਸ਼ਰਧਾਲੂਆਂ ਕੋਲ ਪਾਸ ਪੋਰਟ ਨਹੀਂ ਹਨ, ਉਨ੍ਹਾਂ ਨੂੰ ਵੀਜ਼ੇ ਤੋਂ ਬਗੈਰ ਹੀ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਦੇਣ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ 30 ਨਵੰਬਰ ਦੇ 551ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਿਹਤ ਸਬੰਧੀ ਹਦਾਇਤਾਂ ਦੇ ਨਾਲ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਮਿਲਣੀ ਚਾਹੀਦੀ ਹੈ।
ਬਾਦਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਇਹ ਉਤਸ਼ਾਹ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਤੋਂ ਛੇਤੀ ਖੋਲਿਆ ਜਾਵੇ ਤਾਂ ਜੋ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਉਨ੍ਹਾਂ ਖੇਤਾਂ ਦੇ ਦਰਸ਼ਨ ਕਰ ਸਕਣ ਜਿਥੇ ਗੁਰੂ ਸਾਹਿਬ 18 ਸਾਲਾਂ ਤੱਕ ਖੇਤੀ ਕਰਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਲਈ ਸਫ਼ਰ ਕਰਨ ਤੇ ਇਸ ਦੀ ਆਗਿਆ ਦੇਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੈ ਜਦਕਿ ਭਾਰਤ ਸਰਕਾਰ ਤੋਂ ਇਸ ਫੈਸਲੇ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਲਾਂਘਾ ਭਾਰਤ ਸਰਕਾਰ ਨੇ ਕੋਰੋਨਾ ਹਾਲਾਤਾਂ ਕਾਰਨ 16 ਮਾਰਚ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਸ਼ਵ ਭਰ ਅਤੇ ਦੇਸ਼ ਵਿੱਚ ਧਾਰਮਿਕ ਅਸਥਾਨ ਦਰਸ਼ਨਾਂ ਲਈ ਖੋਲ ਦਿੱਤੇ ਗਏ ਹਨ ਜੋ ਕਿ ਕੋਰੋਨਾ ਕਾਰਨ ਅੰਸ਼ਕ ਤੌਰ 'ਤੇ ਜਾਂ ਪੂਰਨ ਤੌਰ 'ਤੇ ਬੰਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਦੋਂ ਇਤਿਹਾਸ ਸਿਰਜਿਆ ਗਿਆ ਸੀ ਜਦੋਂ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨੇ 9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਂਘੇ ਦਾ ਉਦਘਾਟਨ ਕੀਤਾ ਸੀ ਤੇ ਸ਼ਰਧਾਲੂਆਂ ਲਈ ਦਰਸ਼ਨਾਂ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਹੁਣ ਤੱਕ ਹਜ਼ਾਰਾਂ ਦੀ ਹੀ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ ਇਸ ਦੇ ਦਰਸ਼ਨਾਂ 'ਤੇ 16 ਮਾਰਚ 2020 ਨੂੰ ਪਾਬੰਦੀ ਲਗਾਈ ਗਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜੇਕਰ ਉਹ ਇਸ ਮਾਮਲੇ ਵਿੱਚ ਦਖਲ ਦੇ ਕੇ ਇਸ ਅਸਥਾਨ ਦੇ ਦਰਸ਼ਨਾਂ ਦੀ ਆਗਿਆ ਦੇਣ ਕਿਵੇਂ ਕਿ ਦੇਸ਼ ਭਰ ਵਿੱਚ ਹੋਰਨਾਂ ਥਾਵਾਂ ਲਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਦੀਆਂ ਇੱਛਾਵਾਂ ਵੀ ਪੂਰੀਆਂ ਹੋ ਜਾਣਗੀਆਂ।