ਚੰਡੀਗੜ੍ਹ: ਦੇਸ਼ ਭਰ ਵਿੱਚ ਕੋਰੋਨਾ ਦੀ ਲਾਗ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇ ਦਿਨ-ਰਾਤ ਦੀ ਮਿਹਨਤ ਸਦਕਾ ਕਈ ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਵਾਪਿਸ ਜਾ ਚੁੱਕੇ ਹਨ। ਅਜਿਹੇ 'ਚ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ 'ਚ ਮੈਡੀਕਲ ਸਟਾਫ ਨਾਲ ਹੋ ਰਹੇ ਹਮਲੇ ਸ਼ਰਮਸਾਰ ਕਰਨ ਵਾਲੇ ਹਨ।
ਮੈਡੀਕਲ ਸਟਾਫ 'ਤੇ ਹੋ ਰਹੇ ਹਮਲਿਆਂ ਨੂੰ ਵੇਖਦੇ ਹੋਏ ਪੀਜੀਆਈ ਨਰਸਿੰਗ ਸਟਾਫ਼ ਵੱਲੋਂ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਰਸਿੰਗ ਸਟਾਫ਼ ਨੇ ਆਪਣਾ ਸਿਰ ਮੁੰਡਵਾ ਕੇ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨ ਕਰ ਰਹੇ ਸਟਾਫ਼ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਡਾਕਟਰਾਂ 'ਤੇ ਹੋ ਰਹੇ ਹਮਲਿਆਂ ਨੇ ਉਨ੍ਹਾਂ ਦੇ ਮਨਾਂ 'ਚ ਦਹਿਸ਼ਤ ਫੈਲਾ ਦਿੱਤੀ ਹੈ।
ਜ਼ਿਕਰਖ਼ਾਸ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਇੱਕ ਮੁਸ਼ਕਲ ਗੇੜ ਵਿੱਚੋਂ ਲੰਘ ਰਿਹਾ ਹੈ। ਡਾਕਟਰ ਦਿਨ ਰਾਤ ਬਿਨਾਂ ਥੱਕੇ ਹੋਏ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਦਿੱਲੀ ਹਾਈ ਕੋਰਟ ਨੇ ਵੀ ਕਿਹਾ ਕਿ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਡਾਕਟਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ।