ਚੰਡੀਗੜ੍ਹ: ਬੀਤੇ ਦਿਨੀਂ ਪਟਿਆਲਾ ਵਿੱਚ ਨਿਹੰਗਾਂ ਵੱਲੋਂ ਪੁਲਿਸ 'ਤੇ ਕੀਤੇ ਗਏ ਹਮਲੇ ਵਿੱਚ ਇੱਕ ਏਐਸਆਈ ਦਾ ਹੱਥ ਵੱਢਿਆ ਗਿਆ ਸੀ, ਜਿਨ੍ਹਾਂ ਦੀ ਹਾਲਤ ਹੁਣ ਸੁਧਰ ਰਹੀ ਹੈ। ਚੰਡੀਗੜ੍ਹ ਪੀਜੀਆਈ ਵਿੱਚ ਭਰਤੀ ਪੁਲਿਸ ਮੁਲਾਜ਼ਮ ਬਾਰੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਵੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।
ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 4-5 ਮਹੀਨੇ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੋਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਹੱਥ ਸਹੀ ਤਰੀਕੇ ਨਾਲ ਕੰਮ ਕਰਨ ਲੱਗ ਜਾਵੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਲੋਕਾਂ ਨੇ ਲਾਏ 'ਜੈਕਾਰੇ', ਕੋਰੋਨਾ ਨਾਲ ਲੜਨ ਵਾਲਿਆਂ ਦਾ ਵਧਾਇਆ ਹੌਸਲਾ
ਦੱਸ ਦਈਏ ਕਿ ਪੰਜਾਬ ਵਿੱਚ ਕਰਫ਼ਿਊ ਦੇ ਮੱਦੇਨਜ਼ਰ ਏਐਸਆਈ ਹਰਜੀਤ ਸਿੰਘ 12 ਅਪ੍ਰੈਲ ਨੂੰ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਆਪਣੀ ਡਿਊਟੀ ਕਰ ਰਹੇ ਸਨ, ਜਿਸ ਸਮੇਂ ਕੁੱਝ ਨਿਹੰਗਾਂ ਨੇ ਬਿਨ੍ਹਾਂ ਪਾਸ ਤੋਂ ਸਬਜ਼ੀ ਮੰਡੀ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਰੋਕਣ 'ਤੇ ਵੀ ਉਹ ਨਹੀਂ ਰੁਕੇ ਸਗੋਂ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ।