ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਮਾਇਤ ਕੀਤੀ। ਸੈਕਟਰ 17 ਵਿਖੇ ਧਰਨੇ ਵਿੱਚ ਈਟੀਵੀ ਭਾਰਤ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਖਾਸ ਗੱਲਬਾਤ ਕੀਤੀ ਗਈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨੀ ਸੰਘਰਸ਼ ਵਿੱਚ ਪੰਜਾਬ ਦੇ ਨੌਜਵਾਨ ਨਵੇਂ ਖੇਤੀਬਾੜੀ ਕਾਨੂੰਨ ਦੇ ਮੁੱਦੇ ਤੋਂ ਇਲਾਵਾ ਹੋਰ ਕਿਹੜੇ ਮੁੱਦਿਆਂ 'ਤੇ ਬਦਲਾਅ ਦੀ ਉਮੀਦ ਕਰ ਰਹੇ ਹਨ।
ਇਸ ਦੌਰਾਨ ਪ੍ਰਦਰਸ਼ਨਕਾਰੀ ਗੁਰਦੀਪ ਨੇ ਕਿਹਾ ਕਿ 2014 ਦੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਪੰਜਾਬ ਯੂਨੀਵਰਸਿਟੀ ਵਿੱਚ ਆਏ ਸਨ ਤੇ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ 70 ਫ਼ੀਸਦੀ ਨਸ਼ੇ ਦਾ ਆਦੀ ਹੋਣ ਦਾ ਬਿਆਨ ਦਿੱਤਾ ਸੀ ਪਰ ਇਸ ਕਿਸਾਨੀ ਸੰਘਰਸ਼ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹੇ ਬਿਆਨ ਸਿਆਸਤਦਾਨ ਸਿਰਫ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਖ਼ਾਤਰ ਹੀ ਅਜਿਹੇ ਬਿਆਨਬਾਜ਼ੀ ਕਰਦੇ ਆਏ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਨੌਜਵਾਨਾਂ ਦੀ ਵੱਧ ਚੜ੍ਹ ਕੇ ਕੀਤੀ ਸ਼ਮੂਲੀਅਤ ਅਜਿਹੇ ਸਿਆਸੀ ਲੋਕਾਂ ਦੇ ਮੂੰਹ 'ਤੇ ਚਪੇੜ ਹੈ।
ਕਿਸਾਨਾਂ ਦੇ ਸਮਰਥਨ ਵਿੱਚ ਨੌਜਵਾਨ ਲੜਕੀਆਂ ਵੀ ਅੱਗੇ ਹਨ। ਇੱਕ ਪ੍ਰਦਰਸ਼ਨਕਾਰੀ ਕੁੜੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸ਼ਰਮ ਆਉਣ ਕਿ ਅੱਸੀ ਤੋਂ ਨੱਬੇ ਸਾਲ ਦੀਆਂ ਬਜ਼ੁਰਗ ਔਰਤਾਂ ਵੀ ਸਿੰਘੂ ਤੇ ਟਿਕਰੀ ਬਾਰਡਰ 'ਤੇ ਧਰਨੇ ਵਿੱਚ ਸ਼ਾਮਿਲ ਹੋ ਰਹੀਆਂ ਹਨ। ਜੇਕਰ ਮੋਦੀ ਸਰਕਾਰ ਨੂੰ ਥੋੜ੍ਹੀ ਜਿਹੀ ਵੀ ਸ਼ਰਮ ਬਾਕੀ ਹੈ ਤਾਂ ਤੁਰੰਤ ਨਵੇਂ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।
ਇੱਕ ਨੌਜਵਾਨ ਨੇ ਸਿਆਸਤਦਾਨਾਂ 'ਤੇ ਤੰਜ ਕਸਦਿਆਂ ਕਿਹਾ ਕਿ ਅੱਜ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ ਹਰ ਸਿਆਸੀ ਪਾਰਟੀ ਦੇ ਆਗੂ ਧਰਨਿਆਂ ਵਿੱਚ ਸ਼ਾਮਲ ਹੋਣ ਪੁੱਜ ਰਹੇ ਹਨ, ਜਿਨ੍ਹਾਂ ਨੂੰ ਲੋਕਾਂ ਨੇ ਅਸਲੀਅਤ ਵਿਖਾ ਦਿੱਤੀ ਹੈ। ਸੋ ਹੁਣ ਸਿਆਸੀ ਰੋਟੀਆਂ ਸੇਕਣ ਵਾਲੇ ਅਜਿਹੇ ਆਗੂਆਂ ਨੇ ਲੋਕ ਧਰਨਿਆਂ ਵਿੱਚ ਸ਼ਾਮਲ ਨਹੀਂ ਹੋਣ ਰਹੇ ਹਨ।
ਕਿਸਾਨ ਅੰਦੋਲਨ ਨੂੰ ਲੈ ਕੇ ਨੌਜਵਾਨਾਂ ਦੀ ਸੋਚ ਬਾਰੇ ਇੱਕ ਕੁੜੀ ਅਮਨ ਨੇ ਕਿਹਾ ਕਿ ਨੌਜਵਾਨਾਂ ਨੇ ਹੁਣ ਤੱਕ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੇਖ ਲਿਆ ਹੈ ਅਤੇ ਹੁਣ ਇਸ ਸੰਘਰਸ਼ ਵਿੱਚੋਂ ਅਸਲੀ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਰਗੇ ਨੌਜਵਾਨਾਂ ਦੀ ਜ਼ਰੂਰਤ ਹੈ। ਹੁਣ ਕੋਈ ਵੀ ਨੌਜਵਾਨ ਚੁੱਪ ਨਹੀਂ ਬੈਠੇਗਾ ਤੇ ਸਿਆਸਤਦਾਨਾਂ ਤੋਂ ਆਪਣੇ ਸਮੁੱਚੇ ਹੱਕ ਲੈ ਕੇ ਰਹੇਗਾ।