ਚੰਡੀਗੜ੍ਹ: ਮੰਗਲਵਾਲ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਫਿਰ ਤੋਂ ਸੁਰਖ਼ੀਆਂ 'ਚ ਬਣੇ ਹੋਏ ਹਨ। ਮਾਮਲਾ ਵੀ ਪਹਿਲਾਂ ਵਾਲਾ ਹੀ ਹੈ। ਬਾਜਵਾ ਨੇ ਇੱਕ ਵਾਰ ਫਿਰ ਤੋਂ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ ਜਿਸ ਤੋਂ ਬਾਅਦ ਪੰਜਾਬ ਦੇ ਕੁਝ ਮੰਤਰੀਆਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਬਿਆਨ ਜਾਰੀ ਕੀਤੇ ਗਏ। ਇਨ੍ਹਾਂ ਬਿਆਨਾਂ ਤੋਂ ਬਾਅਦ ਬਾਜਵਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੀ ਕੀਤੀ ਤੇ ਕੈਪਟਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ, "ਮੇਰੇ ਖਿਲਾਫ ਜੋ ਕਾਰਵਾਈ ਕਰਨੀ ਹੈ ਕਰੋ।"
ਉਨ੍ਹਾਂ ਅਸਿੱਧੇ ਰੂਪ 'ਚ ਕਾਂਗਰਸ ਦੀ ਅਕਾਲੀ ਦਲ ਨਾਲ ਮਿਲੀਭੁਗਤ ਦੇ ਦੋਸ਼ ਲਾਏ ਤੇ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਦਲ ਦੀਆਂ ਕੀਤੀਆਂ 'ਤੇ ਪਰਦਾ ਕਿਉਂ ਪਾ ਰਹੀ ਹੈ। ਸਾਬਕਾ ਸਰਕਾਰ ਵੱਲੋਂ ਕੀਤੀ ਲੁੱਟ-ਖਸੁੱਟ 'ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਬਾਜਵਾ ਨੇ ਕਿਹਾ ਕਿ ਸਾਡੀ ਸਰਕਾਰ 'ਚ ਬਿਜਲੀ ਦੇ ਰੇਟ 12 ਗੁਣਾ ਵੱਧ ਗਏ ਹਨ ਤੇ ਮੈਂ ਸਿਰਫ ਬਿਜਲੀ ਸਸਤੀ ਦੇ ਵਾਅਦੇ ਨੂੰ ਯਾਦ ਕਰਵਾਇਆ ਸੀ ਤੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਸੀ।
ਅਕਾਲੀ ਦਲ ਵੱਲੋਂ ਬਿਜਲੀ ਦੇ ਮੁੱਦੇ 'ਤੇ ਰਾਜਪਾਲ ਨਾਲ ਕੀਤੀ ਮੁਲਾਕਾਤ 'ਤੇ ਬਾਜਵਾ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਸੱਚੀ ਬਿਜਲੀ ਘਪਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ ਤਾਂ ਇੱਕ ਮਤਾ ਲਿਆ ਕੇ ਮੌਜੂਦਾ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜਾਂਚ ਕਰਵਾਉਣ। ਇੱਕ ਮਹੀਨੇ ਲਈ ਆਡਿਟ ਲਈ ਟੀਮ ਦਿੱਤੀ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਮੰਤਰੀਆਂ ਵੱਲੋਂ ਜਾਰੀ ਬਿਆਨ 'ਤੇ ਉਨ੍ਹਾਂ ਕਿਹਾ, "ਮੰਤਰੀ ਤਾਂ ਆਪ ਮਜਬੂਰ ਹਨ। 6 ਕੈਬਨਿਟ ਮੰਤਰੀਆਂ ਨੇ ਮੈਨੂੰ ਫ਼ੋਨ ਕਰਕੇ ਕਿਹਾ ਕਿ ਅਸੀਂ ਕੋਈ ਬਿਆਨ ਨਹੀਂ ਦਿੱਤਾ। ਸਗੋਂ ਉਨ੍ਹਾਂ ਮੈਨੂੰ ਕਿਹਾ ਕਿ ਮੈਂ ਚੰਗਾ ਕੰਮ ਕੀਤਾ ਹੈ।