ਚੰਡੀਗੜ੍ਹ: ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਲਗਾਤਾਰ ਆਪਣੇ ਹੀ ਉਨ੍ਹਾਂ ਦੇ ਕਾਂਗਰਸੀਆਂ ਵੱਲੋਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਤੋਂ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਨਵਜੋਤ ਸਿੰਘ ਸਿੱਧੂ ਸਣੇ ਕਈ ਵਿਧਾਇਕਾਂ ਨਾਲ ਗੁਪਤ ਮੀਟਿੰਗ ਕਰਦੇ ਹਨ। ਹੁਣ ਇਸ ਤੋਂ ਬਾਅਦ ਅੱਜ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਗੁਪਤ ਬੈਠਕ ਕੀਤੀ ਗਈ।
ਗੌਰਤਲੱਬ ਹੈ ਕਿ ਲਗਾਤਾਰ ਕੋਟਕਪੂਰਾ ਫਾਇਰਿੰਗ ਬਰਗਾੜੀ ਬੇਅਦਬੀ ਅਤੇ ਪੰਜਾਬ ਐਡਵੋਕੇਟ ਜਨਰਲ ਦੀ ਭੂਮਿਕਾ ਨੂੰ ਲੈ ਕੇ ਗੁਪਤ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਇਹ ਬੈਠਕ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਵਾਸ ਸਥਾਨ ’ਤੇ ਕੀਤੀ ਗਈ।
ਇਸ ਦੌਰਾਨ ਮੀਟਿੰਗ ਕਰਨ ਵਾਲੇ ਮੰਤਰੀਆਂ ਅਤੇ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਵੱਲੋਂ ਕਿਹਾ ਗਿਆ ਕਿ ਜਲਦ ਜੇਕਰ ਕੋਈ ਫੌਰੀ ਕਦਮ ਨਾ ਚੁੱਕੇ ਗਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਕਾਂਗਰਸੀਆਂ ਨੂੰ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ।
ਹਾਲਾਂਕਿ ਲਗਾਤਾਰ ਹੋ ਰਹੀਆਂ ਗੁਪਤ ਮੀਟਿੰਗਾਂ ਨੇ ਮੁੱਖ ਮੰਤਰੀ ਦੀਆਂ ਜਿੱਥੇ ਮੁਸ਼ਕਲਾਂ ਵਧਾ ਦਿੱਤੀਆਂ ਹਨ ਤਾਂ ਉਥੇ ਹੀ ਕੈਪਟਨ ਨਾਰਾਜ਼ ਧੜੇ ਨਾਲ ਕਿਵੇਂ ਨਜਿੱਠਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੀ ਬੈਠਕ ਹੋਈ ਸੀ। ਉਸ ਦਾ ਖੰਡਨ ਵੀ ਕਿਸੇ ਵੀ ਮੰਤਰੀ ਨੇ ਨਹੀਂ ਕੀਤਾ ਸੀ।
ਹੁਣ ਨਵਜੋਤ ਸਿੰਘ ਸਿੱਧੂ ਸਣੇ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ। ਤਾਜ਼ਾ ਸਥਿਤੀ ਇਹ ਹੈ ਕਿ ਭਾਵੇਂ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਕੈਪਟਨ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹਨ। ਅਸਲ ’ਚ ਉਨ੍ਹਾਂ ਨੂੰ ਵੀ ਕਿਤੇ ਨਾ ਕਿਤੇ ਬੇਅਦਬੀ ਦੇ ਮੁੱਦੇ ’ਤੇ ਕੁਰਸੀ ਜਾਣ ਦਾ ਡਰ ਅੰਦਰੋ ਅੰਦਰੀ ਸਤਾਉਣ ਲੱਗ ਪਿਆ ਹੈ।