ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ (Rapper badhsah) ਦਾ ਨਵਾਂ ਗੀਤ (New song) ਵਿਵਾਦਾਂ 'ਚ ਘਿਰ ਗਿਆ ਹੈ। 'ਪਾਣੀ-ਪਾਣੀ' ਟਾਈਟਲ ਵਾਲੇ ਇਸ ਗੀਤ 'ਚ ਬਿਨਾਂ ਇਜਾਜ਼ਤ ਬੇਜੁਬਾਨ ਉੱਠਾਂ ਅਤੇ ਘੋੜਿਆਂ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ। ਇਸ ਤੋਂ ਬਾਅਦ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (AWBI) ਨੇ ਗੀਤ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਨੀਰਜ ਭੱਟ, ਆਦਿਤਿਆ ਦੇਵ ਅਤੇ ਹਿਤੇਨ ਨੂੰ 7 ਦਿਨਾਂ ਦੇ ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਗੀਤ ਵਿੱਚ ਜਾਨਵਰਾਂ ਦੀ ਵਰਤੋਂ ਲਈ ਬੋਰਡ ਤੋਂ ਕੋਈ ਐਨਓਸੀ ਨਹੀਂ ਲਈ ਗਈ। ਇਹ ਨਾ ਸਿਰਫ਼ ਪਰਫਾਰਮਿੰਗ ਐਨੀਮਲਜ਼ (ਰਜਿਸਟ੍ਰੇਸ਼ਨ) ਰੂਲਜ਼, 2001 ਦੀ ਉਲੰਘਣਾ ਹੈ, ਸਗੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੈ।
ਗੀਤ ਵਿੱਚ ਜਾਨਵਰਾਂ ਦੀ ਵਰਤੋਂ ਦੇ ਨਾਲ-ਨਾਲ ਔਰਤਾਂ ਦਾ ਅਪਮਾਨ ਕਰਨ ਵਾਲੇ ਸ਼ਬਦਾਂ, ਦੋਹਰੇ ਅਰਥਾਂ ਅਤੇ ਅਸ਼ਲੀਲ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ। ਗਾਣੇ ਵਿੱਚ ਬਿਨਾਂ ਇਜਾਜ਼ਤ ਜਾਨਵਰਾਂ ਦੀ ਵਰਤੋਂ ਕਰਨ ਦੀ ਸ਼ਿਕਾਇਤ ਕਰਨ ਵਾਲੇ ਚੰਡੀਗੜ੍ਹ ਦੇ ਪੰਡਿਤਰਾਓ ਧਰੇਨਵਰ (Panditrao Dharenwar) ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਸਕੱਤਰ ਤੋਂ ਇਲਾਵਾ ਜੈਸਲਮੇਰ ਦੇ ਡੀਸੀ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਇਸ ਗੀਤ ਦੀ ਸ਼ੂਟਿੰਗ ਉੱਥੇ ਹੀ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ (Government of Punjab) ਤੋਂ ਇਹ ਵੀ ਮੰਗ ਕੀਤੀ ਹੈ ਕਿ ਫਿਲਮਾਂ ਅਤੇ ਗੀਤਾਂ ਵਿੱਚ ਅਸ਼ਲੀਲਤਾ, ਸ਼ਰਾਬ ਅਤੇ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ।
ਸਿੱਪੀ ਗਿੱਲ ਅਤੇ ਮੂਸੇਵਾਲਾ ਦੇ ਗੀਤ ਖਿਲਾਫ਼ ਵੀ ਸ਼ਿਕਾਇਤ ਕੀਤੀ ਗਈ ਹੈ। ਪੰਡਿਤਰਾਓ ਨੇ ਇਸ ਤੋਂ ਪਹਿਲਾਂ ਬੱਬਰ ਸ਼ੇਰ ਅਤੇ ਸਿੱਪੀ ਗਿੱਲ ਅਤੇ ਸਿੱਧੂ ਮੂਸੇਵਾਲਾ ਦੇ ਭਾਈ-ਭਾਈ ਖਿਲਾਫ਼ ਵੀ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਵੀ ਨੋਟਿਸ ਜਾਰੀ ਕੀਤਾ ਸੀ। ਹੁਣ ਬੋਰਡ ਇਸ ਮਾਮਲੇ ਵਿੱਚ ਵੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਬਰਨਾਲਾ ਜੇਲ੍ਹ 'ਚ ਕੈਦੀ ਨਾਲ ਵਾਪਰੀ ਘਟਨਾ 'ਚ ਉਪ ਮੁੱਖ ਮੰਤਰੀ ਵਲੋਂ ਜਾਂਚ ਦੇ ਆਦੇਸ਼