ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ਉੱਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੋਵਿਡ ਦੀ ਪਹਿਲੀ ਲਹਿਰ ਦਾ ਪ੍ਰਕੋਪ ਸ਼ਹਿਰ ਵੱਲ ਜ਼ਿਆਦਾ ਪਰ ਕੋਵਿਡ ਦੀ ਦੂਜੀ ਲਹਿਰ ਦਾ ਪ੍ਰਕੋਪ ਇਸ ਵਾਰ ਪਿੰਡਾਂ ਵੱਲ ਜ਼ਿਆਦਾ ਹੈ। ਪਿੰਡਾਂ ਵਿੱਚ ਕੋਵਿਡ ਦੇ ਜ਼ਿਆਦਾ ਕੇਸ ਸਾਹਮਣੇ ਆਉਣ ਉੱਤੇ ਹਰਿਆਣਾ ਅਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਰਕੇ ਪਿੰਡ ਵਿੱਚ ਕੋਰੋਨਾ ਫੈਲ ਰਿਹਾ ਹੈ। ਇਸ ਉੱਤੇ ਸਪਸ਼ਟੀਕਰਨ ਦੇਣ ਲਈ ਅੱਜ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋਣ ਉੱਤੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੰਤਰੀ ਗ਼ਲਤ ਬਿਆਨਬਾਜ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਦੋਲਨ 'ਚ ਜਿਨ੍ਹਾਂ ਦੀ ਮੌਤ ਵੀ ਹੋਈ ਹੈ ਉਹ ਕੋਰੋਨਾ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਨੂੰ ਕੁਝ ਹੋਰ ਬਿਮਾਰੀਆਂ ਸਨ।
ਸਰਕਾਰ ਨਾਲੋਂ ਜਿਆਦਾ ਪੁਖਤਾ ਇੰਤਜ਼ਾਮ ਹਨ ਅੰਦੋਲਨ 'ਚ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਸਰਕਾਰ ਨਾਲੋਂ ਜਿਆਦਾ ਚੰਗੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਤਾਂ ਕੋਈ ਬਿਮਾਰ ਨਹੀਂ ਹੁੰਦਾ ਪਰ ਜਦੋਂ ਘਰ ਜਾਂਦਾ ਸਰਕਾਰ ਦੇ ਗਲਤ ਪ੍ਰਬੰਧਾਂ ਕਰਕੇ ਉਸ ਨੂੰ ਕੋਰੋਨਾ ਹੋ ਜਾਂਦਾ। ਮੋਰਚੇ ਵੱਲੋਂ 10 ਬੈਂਡਾਂ ਦਾ ਹਸਪਤਾਲ ਵੀ ਬਣਾਇਆ ਗਿਆ। ਇਸ ਵਿੱਚ ਆਕਸੀਜਨ ਦਾ ਵੀ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਅਸੀਂ ਦੱਸਾਂਗੇ ਕਿ ਕਿਵੇਂ ਪੰਜਾਬ ਅਤੇ ਹਰਿਆਣਾ ਦੀਆਂ ਡਿਸਪੈਂਸਰੀਆਂ ਦੀ ਹਾਲਤ ਖਸਤਾ ਹੈ। ਕਿਸਾਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੀਆਂ ਡਿਸਪੈਂਸਰੀਆਂ ਦੀ ਖਸਤਾ ਹਾਲਤਾਂ ਦੀਆਂ ਵੀਡਿਓ ਬਣਾ ਕੇ ਸਰਕਾਰ ਨੂੰ ਭੇਜੀਆਂ ਜਾਣ ਗਈਆਂ।
26 ਮਈ ਨੂੰ ਦੇਸ਼ 'ਚ ਮਨਾਇਆ ਜਾਵੇਗਾ ਕਾਲਾ ਦਿਵਸ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਦਿੱਲੀ ਦੇ ਬਾਰਡਰਾਂ ਉੱਤੇ ਮੋਰਚਾ ਲਈ ਬੈਠੇ ਕਿਸਾਨਾਂ ਨੂੰ ਛੇ ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਵਿੱਚ 26 ਮਈ ਨੂੰ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ।
ਪੀ.ਐਮ ਨੂੰ ਚਿੱਠੀ ਲਿਖ ਮੁੜ ਗੱਲਬਾਤ ਲਈ ਕਿਹਾ
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕਿ ਮੁੜ ਗੱਲ-ਬਾਤ ਕਰਨ ਲਈ ਕਿਹਾ ਗਿਆ। ਰਾਜੇਵਾਲ ਨੇ ਦੱਸਿਆ ਕਿ 22 ਜਨਵਰੀ ਨੂੰ ਸਰਕਾਰ ਨਾਲ 11ਂਵੇ ਗੇੜ ਦੀ ਗੱਲਬਾਤ ਹੋਈ ਸੀ ਉਸ ਮਗਰੋਂ ਗੱਲ-ਬਾਤ ਵਿੱਚ ਖੜੋਤ ਆ ਗਈ ਸੀ। ਹੁਣ ਇਸ ਮਸਲੇ ਦੇ ਹੱਲ ਨੂੰ ਲੈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ। ਹੁਣ ਵੀ ਸਰਕਾਰ ਵੱਲੋ ਜੇ ਕੋਈ ਸੱਦਾ ਨਾ ਆਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਹੁਣ ਯੂਪੀ ਅਤੇ ਉਤਰਾਖੰਡ ਦਾ ਕੀਤਾ ਜਾਵੇਗਾ ਰੁਖ਼
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਹਿਲਾਂ ਵੀ ਚੋਣਾਂ ਵਿੱਚ ਬੀਜੇਪੀ ਨੂੰ ਕਿਸਾਨ ਅੰਦੋਲਨ ਕਰਕੇ ਮੂੰਹ ਦੀ ਖਾਣੀ ਪਈ ਹੈ ਅਤੇ ਹੁਣ ਵੀ ਅਸੀਂ ਆਉਂਦੀਆਂ ਯੂਪੀ ਅਤੇ ਉਤਰਾਖੰਡ ਵਿਚ ਸਰਕਾਰ ਅਤੇ ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ।