ਚੰਡੀਗੜ੍ਹ: ਪੰਜਾਬ ਵਿਧਾਨਸਭਾ ਦੇ 5ਵੇਂ ਦਿਨ ਦੀ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ ਕਈ ਮੁੱਦਿਆ ਨੂੰ ਲੈ ਕੇ ਵਿਧਾਨਸਭਾ ਚ ਹੰਗਾਮਾ ਦੇਖਣ ਨੂੰ ਮਿਲਿਆ। ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਚਲਾਈਆਂ ਸਰਕਾਰੀਆਂ ਬੱਸਾਂ ਦੇ ਮੁੱਦੇ ਨੂੰ ਵਿਰੋਧੀਆਂ ਵੱਲੋਂ ਚੁੱਕਿਆ ਗਿਆ।
ਦੱਸ ਦਈਏ ਕਿ ਪ੍ਰਸ਼ਨਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਬੱਸਾਂ ਚਲਾਈਆਂ। ਇਸ ’ਤੇ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਹੀ ਦਿੱਲੀ ਸਰਕਾਰ ਵੱਲੋਂ ਬੱਸਾਂ ਨੂੰ ਚੱਲਣ ਤੋਂ ਰੋਕਿਆ ਗਿਆ। ਇਸ ਨਾਲ ਪੰਜਾਬ ਦਾ ਤਕਰੀਬਨ 25 ਕਰੋੜ ਦਾ ਘਾਟਾ ਹੋਇਆ। ਘਾਟੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮਹਿੰਗਾ ਕਿਰਾਇਆ ਦੇਣਾ ਪਿਆ।
ਦੂਜੇ ਪਾਸੇ ਇਸ ਸਬੰਧ ’ਚ ਟਰਾਂਸਪੋਰਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ 13 ਵਾਰ ਚਿੱਠੀ ਲਿਖੀ ਗਈ। ਏਅਰਪੋਰਟ ਅਥਾਰਿਟੀ ਨੂੰ ਵੀ ਚਿੱਠੀ ਲਿਖੀ ਗਈ ਸੀ। ਇੱਥੇ ਤੱਕ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਚਾਹੇ ਤਾਂ ਬੱਸਾਂ ਨੂੰ ਚਲਾਇਆ ਜਾ ਸਕਦਾ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਗਿਆ।
ਬੱਸਾਂ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬੱਸਾਂ ਚਲਾਉਣ ਨੂੰ ਲੈ ਕੇ ਨਾ ਤਾਂ ਦਿੱਲੀ ਸਰਕਾਰ ਤੋਂ ਪਰਮਿਟ ਲਈ ਗਈ ਅਤੇ ਨਾ ਹੀ ਰੂਟ ਐਕਸਟੇਸ਼ਨ ਲਈ ਮਨਜੂਰੀ ਲਈ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵਾਲ ਕਰਦੇ ਹੋਏ ਰਾਜਾ ਵੜਿੰਗ ਨੂੰ ਪੁੱਛਿਆ ਕਿ ਜਿਨ੍ਹਾਂ ਬੱਸਾਂ ਨੂੰ ਬੰਦ ਕਰਨ ਲਈ ਕਿਹਾ ਸੀ ਕਿ ਹੁਣ ਉਹ ਕਿੱਥੇ ਹਨ।
ਇਹ ਵੀ ਪੜੋ: ਵਿਧਾਨਸਭਾ ਜਾਂਦੇ ਸੀਐੱਮ ਭਗਵੰਤ ਮਾਨ ਦਾ ਰੋਕਿਆ ਕਾਫਲਾ !, ਜਾਣੋ ਕਿਉਂ