ਚੰਡੀਗੜ੍ਹ : ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕਿਆਂ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਐੱਮ ਬਣਾਉਣ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਬਿਆਨ ਨੇ ਪੰਜਾਬ ਕਾਂਗਰਸ ਚ ਖਲਬਲੀ ਮਚਾ ਦਿੱਤੀ ਹੈ।
ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਵਿਰੋਧੀਆਂ ਵਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਨੂੰ ਲੈਕੇ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਹਿਣਾ ਕਿ ਕਾਂਗਰਸ ਦਾ ਇਹ ਅੰਦਰੂਨੀ ਮਾਮਲਾ ਜ਼ਰੂਰ ਹੈ ਪਰ ਇਸ ਤਰ੍ਹਾਂ ਜੇਕਰ ਹੋਇਆ ਤਾਂ ਇਹ ਜ਼ਮਹੂਰੀਅਤ ਦਾ ਘਾਣ ਹੋਇਆ ਹੈ, ਜੋ ਨਹੀਂ ਹੋਣਾ ਚਾਹੀਦਾ ਸੀ।
ਇਸ ਨੂੰ ਲੈਕੇ ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਸਿੰਘ ਦਾ ਕਹਿਣਾ ਕਿ ਕਾਂਗਰਸ ਹਿੰਦੂ ਅਤੇ ਦਲਿਤ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਨਾਲ ਕਾਂਗਰਸ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਵਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਜਦਕਿ ਸੁਨੀਲ ਜਾਖੜ ਇਸ ਦੇ ਹੱਕਦਾਰ ਸੀ। ਇਸ ਦੇ ਨਾਲ ਹੀ ਉਨ੍ਹਾਂ ਮਹਿੰਦਰ ਸਿੰਘ ਕੇ.ਪੀ ਨੂੰ ਲੈਕੇ ਵੀ ਕਾਂਗਰਸ ਅਤੇ ਚਰਨਜੀਤ ਚੰਨੀ ਨੂੰ ਘੇਰਿਆ।
ਇਸ ਨੂੰ ਲੈਕੇ ਕਾਂਗਰਸੀ ਆਗੂ ਪਰਗਟ ਸਿੰਘ ਦਾ ਕਹਿਣਾ ਕਿ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੁਰਾਣੀਆਂ ਗੱਲਾਂ ਹਨ, ਇਸ ਨੂੰ ਹੁਣ ਛੇੜ ਕੇ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਸਤਿਕਾਰਯੋਗ ਲੀਡਰ ਹਨ, ਇਸ ਲਈ ਸਾਨੂੰ ਹੁਣ ਅੱਗੇ ਵਧਣ ਦੀ ਲੋੜ ਹੈ।
ਇਹ ਹੈ ਸੁਨੀਲ ਜਾਖੜ ਦਾ ਬਿਆਨ
ਦੱਸ ਦਈਏ ਕਿ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਕੀ ਮਿਲਿਆ ਕੀ ਨਹੀਂ ਇਸ ਦਾ ਉਨ੍ਹਾਂ ਨੂੰ ਕੋਈ ਗ਼ਮ ਨਹੀਂ ਹੈ। ਪਰਮਾਤਮਾ ਜੋ ਕਰਦਾ ਹੈ ਠੀਕ ਕਰਦਾ ਹੈ। ਜਾਖੜ ਨੇ ਅੱਗੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸੀਐਮ ਵੱਜੋ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੇ ਨਵੇਂ ਸੀਐਮ ਲਈ ਕਾਂਗਰਸ ਦੇ ਅੰਦਰ ਚੋਣਾਂ ਹੋਈਆਂ ਸੀ। ਜਿਸ ਵਿਚ ਉਨ੍ਹਾਂ ਨੂੰ 42 ਵਿਧਾਇਕਾਂ ਦਾ ਸਮਰਥਨ ਮਿਲਿਆ ਸੀ। ਜਦਕਿ ਸੁਖਜਿੰਦਰ ਰੰਧਾਵਾ ਨੂੰ 16 ਵਿਧਾਇਕਾਂ ਦਾ ਸਮਰਥਨ ਮਿਲਿਆ ਸੀ, ਪਰਨੀਤ ਕੌਰ ਨੂੰ 12 ਅਤੇ ਨਵਜੋਤ ਸਿੰਘ ਸਿੱਧੂ ਨੂੰ 6 ਵਿਧਾਇਕਾਂ ਦਾ ਵੋਟ ਮਿਲਿਆ ਸੀ ਜਦਕਿ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਸਿਰਫ 2 ਵਿਧਾਇਕਾਂ ਦਾ ਸਮਰਥਨ ਮਿਲਿਆ।
ਕਾਂਗਰਸ ਨੇ ਡਿਪਟੀ ਸੀਐੱਮ ਬਣਨ ਲਈ ਕਿਹਾ ਸੀ- ਜਾਖੜ
ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਬੁਲਾਇਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਡਿਪਟੀ ਸੀਐੱਮ ਬਣ ਜਾਵਾ। ਪਰ ਉਨ੍ਹਾਂ ਵੱਲੋਂ ਡਿਪਟੀ ਸੀਐੱਮ ਬਣਨ ’ਤੇ ਮਨਾਂ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : CM ਅਹੁਦੇ ਨੂੰ ਲੈ ਕੇ ਜਾਖੜ ਨੇ ਖੋਲ੍ਹੇ ਭੇਦ, ਕਿਹਾ- ਚੰਨੀ ਨੂੰ ਮਿਲੇ ਸੀ ਸਿਰਫ਼ 2 ਵੋਟ