ਚੰਡੀਗੜ੍ਹ: ਮੁੱਢਲੀ ਸਹਾਇਤਾ ਬਕਸਾ ਹਰ ਵਾਹਨ 'ਚ ਹੋਣਾ ਜ਼ਰੂਰੀ ਹੈ ਕਿਉਂਕਿ ਜੇਕਰ ਕੋਈ ਅਣਸੁਖਾਂਵੀਂ ਘਟਨਾ ਵਾਪਰੇ ਤਾਂ ਉਸ ਨੂੰ ਇਲਾਜ ਦੀ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ। ਜ਼ਿਕਰ-ਏ-ਖ਼ਾਸ ਹੈ ਕਿ ਇਹ ਬਕਸਾ ਰੱਖਣਾ ਐਮਬੀ ਐਕਟ ਮੁਤਾਬਕ ਵੀ ਅਹਿਮ ਹੈ। ਕੀ ਆਮ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ, ਜਾਣਦੇ ਹਾਂ ਇਸ ਖ਼ਾਸ ਰਿਪੋਰਟ 'ਚ...
ਬਸਾਂ 'ਚ ਮੁੱਢਲੀ ਸਹਾਇਤਾ ਬਕਸੇ ਸਿਰਫ਼ ਨਾਂਅ ਦੇ
ਜਦੋਂ ਇਸ ਬਾਬਤ ਬਸਾਂ ਵਿੱਚ ਵੇਖਿਆ ਗਿਆ ਤਾਂ ਉਨ੍ਹਾਂ 'ਤੇ ਬਕਸਾ ਤਾਂ ਟੰਗਿਆ ਹੈ ਪਰ ਉਹ ਖਾਲੀ ਹੈ। ਜ਼ਿਆਦਾਤਰ ਬੱਸਾਂ ਦਾ ਇਹੀ ਹਾਲ ਵੇਖਿਆ ਗਿਆ। ਹਰ ਬੱਸ ਵਿੱਚ ਐਮਬੀ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਸੀ।
ਯਾਤਰੀਆਂ 'ਚ ਭਾਰੀ ਰੋਸ
ਯਾਤਰੀਆਂ ਨੇ ਇਸ ਗੱਲ ਦਾ ਰੋਸ ਜਤਾਉਂਦਿਆਂ ਇਹ ਕਿਹਾ ਕਿ ਇਹ ਇੱਕ ਮਹੱਤਵਪੂਰਨ ਚੀਜ਼ ਹੈ ਪਰ ਉਹ ਹੀ ਇਨ੍ਹਾਂ ਬਸਾਂ 'ਚ ਗਾਇਬ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਆਮ ਸਵਾਰੀ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ।
ਬਸ ਚਾਲਕਾਂ ਨੇ ਇਸ ਗੱਲ ਤੋਂ ਝਾੜ੍ਹਿਆ ਪੱਲਾ
ਦੂਜੇ ਹੱਥ ਬਸ ਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦਵਾਈਆਂ ਮੌਜੂਦ ਹੁੰਦੀਆਂ ਹਨ। ਜੇਕਰ ਕਿਸੀ ਸਵਾਰੀ ਨੂੰ ਇਸ ਦੀ ਜ਼ਰੂਰਤ ਹੋਵੇ ਤਾਂ ਉਹ ਮੁਹੱਈਆ ਕਰਵਾਉਂਦੇ ਹਨ। ਇਸ ਗੱਲ ਤੋਂ ਉਨ੍ਹਾਂ ਨੇ ਆਪਣਾ ਪੱਖ ਸਾਫ਼ ਕਰ ਦਿੱਤਾ ਪਰ ਖਾਲੀ ਬਕਸੇ ਕੋਈ ਹੋਰ ਹੀ ਕਹਾਣੀ ਬਿਆਨ ਕਰਦੇ ਹਨ।
ਪੀਆਰਟੀਸੀ ਦੇ ਇੰਸਪੈਕਟਰ ਨੇ ਮੰਨੀ ਗ਼ਲਤੀ
ਪੀਆਰਟੀਸੀ ਦੇ ਇੰਸਪੈਕਟਰ ਨਿਰਮਲ ਸਿੰਘ ਨੇ ਆਪਣੀ ਗ਼ਲਤੀ ਮੰਨਦਿਆਂ ਕਿਹਾ ਕਿ ਉਹ ਇਸ 'ਤੇ ਜਲਦ ਐਕਸ਼ਨ ਲੈਣਗੇ ਤੇ ਜਲਦ ਹੀ ਬਸਾਂ ਦੇ 'ਚ ਮੁੱਢਲੀ ਸਹਾਇਤਾ ਬਕਸਾ ਲਗਵਾਉਣਗੇ।
ਐਮਬੀ ਐਕਟ ਦੀਆਂ ਕਿਸ ਤਰੀਕੇ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਖਾਨਾਪੂਰਤੀ ਦੇ ਨਾਂਅ 'ਤੇ ਸਿਰਫ਼ ਬਕਸੇ ਟੰਗੇ ਹੋਏ ਹਨ ਪਰ ਉਨ੍ਹਾਂ ਵਿੱਚ ਜਾਨ ਬਚਾਓ ਵਸਤੂਆਂ ਪੂਰੇ ਤਰੀਕੇ ਨਾਲ ਗਾਇਬ ਹਨ। ਹਾਲਾਂਕਿ ਐਮਪੀ ਐਕਟ ਮੁਤਾਬਕ ਮੁੱਢਲੀ ਸਹਾਇਤਾ ਕਿੱਟ ਨਾ ਰੱਖਣ 'ਤੇ ਜੁਰਮਾਨੇ ਦਾ ਵੀ ਪ੍ਰਾਵਧਾਨ ਹੈ ਪਰ ਸ਼ਾਇਦ ਵਾਹਨ ਚਾਲਕਾਂ ਨੂੰ ਨਾ ਤਾਂ ਐਮਬੀ ਐਕਟ ਦੇ ਜੁਰਮਾਨੇ ਦਾ ਡਰ ਹੈ ਅਤੇ ਨਾ ਹੀ ਕੀਮਤੀ ਜਾਨਾਂ ਦੀ ਪਰਵਾਹ।