ਚੰਡੀਗੜ੍ਹ: ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਹੁਣ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 18 ਫਰਵਰੀ ਨੂੰ ਦੇਸ਼ ਭਰ ’ਚ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ। ਕੇਂਦਰ ਸਰਕਾਰ ਨੂੰ ਜਗਾਉਣ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦੇਸ਼ ਭਰ ’ਚ 'ਰੇਲ ਰੋਕੋ' ਮੁਹਿੰਮ ਨੂੰ ਸਫ਼ਲ ਬਨਾਉਣ ਦਾ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਪੂਰੇ ਦੇਸ਼ ਦੇ ਰੇਲ ਨੈੱਟਵਰਕ ਨੂੰ 4 ਘੰਟਿਆਂ ਲਈ ਠੱਪ ਕਰਨ ਦੀ ਯੋਜਨਾ ਹੈ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਡੱਟੇ ਹੋਏ ਕਿਸਾਨਾਂ ਨੂੰ ਲਗਭਗ 3 ਮਹੀਨੇ ਹੋਣ ਵਾਲੇ ਹਨ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਹੌਂਸਲਾ ਘਟਾਉਣ ਲਈ ਸਰਕਾਰ ਵੱਲੋਂ ਬੈਠਕਾਂ ਲਈ ਸੱਦਾ ਨਹੀਂ ਦਿੱਤਾ ਜਾ ਰਿਹਾ, ਬਲਕਿ ਹੋਰ ਹੱਥਕੰਡੇ ਵਰਤਦਿਆਂ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।
ਅਜਿਹੇ ’ਚ ਜਾਪਦਾ ਹੈ ਕਿ ਕਿਸਾਨੀ ਅੰਦੋਲਨ ’ਚ ਦੁਬਾਰਾ ਜੋਸ਼ ਭਰਨ ਅਤੇ ਕਿਸਾਨਾਂ ਨੂੰ ਮੁੜ ਇੱਕਠਾ ਕਰਨ ਲਈ ਸਯੁੰਕਤ ਕਿਸਾਨ ਮੋਰਚੇ ਵੱਲੋਂ 18 ਫਰਵਰੀ ਨੂੰ ਦੇਸ਼ ਭਰ ’ਚ 'ਰੇਲ ਰੋਕੋ' ਮੁਹਿੰਮ ਦਾ ਸੱਦਾ ਦਿੱਤਾ ਗਿਆ ਹੈ।