ਚੰਡੀਗੜ੍ਹ: ਓਮੀਕਰੋਨ (Variant Omicron) ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ (Government of Punjab) ਨੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਕੋਵਿਡ-19 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜੋ ਕਿ 15 ਜਨਵਰੀ 2022 ਤੋਂ ਲਾਗੂ ਹੋਣਗੀਆਂ।
ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ (Variant Omicron) ਬਾਰੇ ਜਾਰੀ ਹਦਾਇਤਾਂ ਵਿੱਚ ਉਨ੍ਹਾਂ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਗਿਆ ਹੈ, ਜਿਨ੍ਹਾਂ ਨੇ ਹੁਣ ਤੱਕ ਕਰੋਨਾ ਵੈਕਸੀਨ ਨਹੀਂ ਕਰਵਾਈ।
ਇੰਨ੍ਹਾਂ ਹਦਾਇਤਾ ਵਿੱਚ ਕਿਹਾ ਗਿਆ ਹੈ ਕਿ ਉਹ ਸਾਰੇ ਵਿਅਕਤੀ ਜਿਨ੍ਹਾਂ ਨੇ ਕਰੋਨਾ ਦਾ ਟੀਕਾਕਰਨ ਨਹੀਂ ਕਰਵਾਇਆ ਹੈ, ਉਹ ਆਪਣੇ ਘਰ ਵਿੱਚ ਹੀ ਰਹਿਣ ਅਤੇ ਖਾਸ ਕਰਕੇ ਜਨਤਕ ਥਾਵਾਂ ’ਤੇ ਬਾਜ਼ਾਰ ਵਿੱਚ ਕਿਸੇ ਵੀ ਸਮਾਗਮ ਵਿੱਚ ਜਨਤਕ ਟਰਾਂਸਪੋਰਟ ਵਿੱਚ ਨਾ ਜਾਣ ਅਤੇ ਨਾ ਹੀ ਧਾਰਮਿਕ ਸਥਾਨਾਂ ’ਤੇ ਜਾਣ ਤੋਂ ਵੀ ਮਨਾ ਕੀਤਾ ਹੈ।
15 ਜਨਵਰੀ 2022 ਤੋਂ ਲਾਗੂ ਹੋਣਗੀਆਂ ਪਾਬੰਧੀਆਂ
15 ਜਨਵਰੀ 2022 ਤੋਂ ਜਿੱਥੇ ਜ਼ਿਆਦਾ ਭੀੜ ਹੈ, ਖਾਸ ਕਰਕੇ ਸਬਜ਼ੀ ਮੰਡੀ, ਅਨਾਜ ਮੰਡੀ, ਜਨਤਕ ਟਰਾਂਸਪੋਰਟ, ਮਾਲ, ਸ਼ਾਪਿੰਗ ਕੰਪਲੈਕਸ, ਸਥਾਨਕ ਬਾਜ਼ਾਰ ਅਤੇ ਜਿੱਥੇ ਜ਼ਿਆਦਾ ਲੋਕ ਹੁੰਦੇ ਹਨ, ਉੱਥੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਨੇ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੈ ਰੱਖੀਆਂ ਹੋਣ।
ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਾਣ ਦਿੱਤਾ ਜਾਵੇਗਾ ਜਿਨ੍ਹਾਂ ਨੇ ਕੋਵਿਡ ਦੇ ਦੋਵੇਂ ਟੀਕੇ ਲਗਵਾ ਲਏ ਹੋਣ।
ਪਿਛਲੇ ਦਿਨ੍ਹੀ ਸਾਹਮਣੇ ਆਏ ਸੀ ਓਮੀਕਰੋਨ ਦੇ 2 ਨਵੇਂ ਮਾਮਲੇ
ਦੱਸ ਦੇਈਏ ਕਿ ਪਿਛਲੇ ਦਿਨ੍ਹੀ ਚੰਡੀਗੜ੍ਹ ਵਿੱਚ ਓਮੀਕਰੋਨ ਦੇ 2 ਨਵੇਂ ਮਾਮਲੇ ਸਾਹਮਣੇ ਆਏ ਸਨ। ਪਿਛਲੇ ਓਮੀਕਰੋਨ ਪੌਜ਼ੀਟਿਵ ਕੇਸ ਦੇ 5 ਪਰਿਵਾਰਕ ਸੰਪਰਕਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ NCDC, ਨਵੀਂ ਦਿੱਲੀ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਦੋ ਓਮੀਕਰੋਨ ਵੇਰੀਐਂਟ ਲਈ ਪੌਜ਼ੀਟਿਵ ਪਾਏ ਗਏ ਸੀ।
ਇੱਕ 80 ਸਾਲ ਦਾ ਪੁਰਸ਼
ਉਨ੍ਹਾਂ ਵਿੱਚੋਂ ਇੱਕ 80 ਸਾਲ ਦਾ ਪੁਰਸ਼ ਹੈ ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਪਰ ਲੱਛਣ ਰਹਿਤ ਹੈ। ਉਸ ਨੂੰ ਹਸਪਤਾਲ ਵਿੱਚ ਅਲੱਗ ਕਰ ਦਿੱਤਾ ਗਿਆ ਹੈ। ਜਿਸ ਨੂੰ 24.12.2021 ਨੂੰ ਆਖਰੀ ਰੀ-ਟੈਸਟ ਵਿੱਚ ਦੁਬਾਰਾ ਸਕਾਰਾਤਮਕ ਪਾਇਆ ਗਿਆ। ਉਸਦਾ 01.01.2022 ਨੂੰ ਦੁਬਾਰਾ ਟੈਸਟ ਕੀਤਾ ਜਾਵੇਗਾ।
ਦੂਜਾ 45 ਸਾਲਾ ਦਾ ਪੁਰਸ਼
ਦੂਜਾ ਇੱਕ 45 ਸਾਲਾ ਦਾ ਪੁਰਸ਼ ਹੈ, ਜਿਸਦੀ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਕੀਤੀ ਗਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।
3 ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਅਜੇ ਪੈਂਡਿੰਗ
ਪਰਿਵਾਰ ਵਿੱਚੋਂ ਬਾਕੀ 3 ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਅਜੇ ਲੰਬਿਤ ਹੈ ਪਰ 24 ਦਸੰਬਰ ਨੂੰ ਆਰਟੀ ਪੀਸੀਆਰ ਦੀ ਦੁਬਾਰਾ ਜਾਂਚ ਕਰਨ 'ਤੇ ਉਨ੍ਹਾਂ ਸਾਰਿਆਂ ਦੀ ਜਾਂਚ ਨੈਗੇਟਿਵ ਆਈ ਹੈ ਅਤੇ ਡਿਸਚਾਰਜ ਕਰ ਦਿੱਤਾ ਗਿਆ ਹੈ।
12 ਦਸੰਬਰ ਨੂੰ ਆਇਆ ਸੀ ਪਹਿਲਾ ਮਾਮਲਾ ਸਾਹਮਣੇ
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 12 ਦਸੰਬਰ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸਿਹਤ ਵਿਭਾਗ ਅਨੁਸਾਰ 20 ਸਾਲਾ ਨੌਜਵਾਨ ਓਮੀਕਰੋਨ ਪੌਜ਼ੀਟਿਵ ਪਾਇਆ ਗਿਆ ਸੀ। ਪੀੜ੍ਹਿਤ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਭਾਰਤ ਆਇਆ ਸੀ ਤੇ ਉਸ ਸਮੇਂ ਤੋਂ ਹੀ ਨਿਯਮਾਂ ਮੁਤਾਬਿਕ ਹੋਮ ਕੁਆਰਨਟਾਈਨ ਸੀ।
1 ਦਸੰਬਰ ਨੂੰ ਇਸ ਸ਼ਖ਼ਸ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਸੀ, ਜਿਸ ਮਗਰੋਂ ਰਿਪੋਰਟ ਨੂੰ ਜਿਨੋਮ ਸੀਕੁਵੈਂਸਿੰਗ ਲਈ ਭੇਜਿਆ ਗਿਆ ਸੀ ਜਿੱਥੇ ਦੇਰ ਰਾਤ ਓਮੀਕਰੋਨ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ: ਦਿੱਲੀ 'ਚ ਸਕੂਲ-ਕਾਲਜ ਬੰਦ, 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ ਬੱਸਾਂ ਅਤੇ ਮੈਟਰੋ