ਚੰਡੀਗੜ੍ਹ: ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਦਾ ਐਲਾਨ ਹੋ ਚੁੱਕਿਆ ਹੈ। ਪ੍ਰੀਖਿਆਵਾਂ ਨੂੰ ਲੈ ਕੇ ਹਾਈਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਚੰਡੀਗੜ੍ਹ NSUI ਦੇ ਕਾਰਕੁਨ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਇਸ ਹੜਤਾਲ 'ਚ ਸਾਥ ਦੇਣ ਲਈ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਪਹੁੰਚੇ। ਇਸ ਦੌਰਾਨ ਉਨ੍ਹਾਂ ਹਾਈ ਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ।
ਨਾ ਤਾਂ ਭਵਿੱਖ ਦੀ ਪ੍ਰਵਾਹ ਹੈ ਅਤੇ ਨਾ ਹੀ ਸਿਹਤ ਦੀ: ਢਿੱਲੋਂ
ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਹਰੇਕ ਪ੍ਰਦਰਸ਼ਨ ਅਤੇ ਇਕੱਠ 'ਤੇ ਰੋਕ ਲਗਾ ਰਹੀ ਹੈ ਤੇ ਦੂਜੇ ਪਾਸੇ ਖ਼ੁਦ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਨੂੰ ਵਿਦਿਆਰਥੀਆਂ ਦੇ ਨਾ ਤਾਂ ਭਵਿੱਖ ਦੀ ਪ੍ਰਵਾਹ ਹੈ ਅਤੇ ਨਾ ਹੀ ਸਿਹਤ ਦੀ।
ਉਨ੍ਹਾਂ ਸਰਕਾਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜੇ ਇੱਕੋ ਜਗ੍ਹਾ 'ਤੇ ਇੰਨੇ ਸਾਰੇ ਵਿਦਿਆਰਥੀ ਇਕੱਠੇ ਹੋਣਗੇ ਤਾਂ ਉਨ੍ਹਾਂ ਦੀ ਸਿਹਤ 'ਤੇ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਵਿਦਿਆਰਥੀਆਂ ਦੇ ਮੈਂਟਲ ਹੈਲਥ 'ਤੇ ਵੀ ਅਸਰ ਪਵੇਗਾ। ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਪੇਪਰਾਂ ਅਤੇ ਸੈਂਟਰਾਂ ਬਾਰੇ ਤਾਂ ਦੱਸ ਦਿੱਤਾ ਗਿਆ ਹੈ ਪਰ ਇਹ ਨਹੀਂ ਦੱਸਿਆ ਕਿ ਟਰਾਂਸਪੋਰਟ ਚੱਲੇਗੀ ਜਾਂ ਨਹੀਂ। ਵਿਦਿਆਰਥੀ ਕਿਸ ਤਰ੍ਹਾਂ ਆਪਣੇ ਸੈਂਟਰਾਂ 'ਤੇ ਪਹੁੰਚਣਗੇ, ਸਰਕਾਰ ਨੂੰ ਇਸ ਦੀ ਕੋਈ ਫਿਕਰ ਨਹੀਂ ਹੈ।
ਪੇਪਰ ਸਿਹਤ ਨਾਲੋਂ ਵੱਧ
ਬਰਿੰਦਰ ਢਿੱਲੋਂ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਵਿਦਿਆਰਥੀਆਂ ਦੇ ਭਵਿੱਖ ਦੇ ਲਈ ਪੇਪਰ ਜ਼ਰੂਰੀ ਹਨ ਪਰ ਇਹ ਉਨ੍ਹਾਂ ਦੀ ਸਿਹਤ ਤੋਂ ਵੱਧ ਕੇ ਨਹੀਂ। ਪੇਪਰ ਦੀਆਂ ਤਰੀਕਾਂ ਮੁਲਤਵੀ ਕੀਤੀਆਂ ਜਾ ਸਕਦੀ ਹਨ, ਜਦੋਂ ਕੋਰੋਨਾ ਦਾ ਦੌਰ ਥੋੜ੍ਹਾ ਠੀਕ ਹੋਵੇਗਾ ਉਦੋਂ ਇਹ ਪੇਪਰ ਲਏ ਜਾਣੇ ਚਾਹੀਦੇ ਹਨ।
ਸਰਕਾਰ ਅਜੇ ਤੱਕ ਸਾਰ ਲੈਣ ਨਹੀਂ ਪਹੁੰਚੀ
ਚੰਡੀਗੜ੍ਹ NSUI ਦੇ ਸੋਸ਼ਲ ਮੀਡੀਆ ਦੇ ਹੈੱਡ ਮਨੋਜ ਲੁਬਾਣਾ ਵੀ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਜੇ ਤੱਕ ਉਨ੍ਹਾਂ ਬਾਰੇ ਪਤਾ ਕਰਨ ਨਹੀਂ ਆਈ। ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਮੈਡੀਕਲ ਕਰਾਵਾਂਗੇ ਪਰ ਅਜੇ ਤੱਕ ਮੈਡੀਕਲ ਦਾ ਵੀ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁਝ ਕੇ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਨ੍ਹਾਂ ਦੀ ਭੁੱਖ ਹੜਤਾਲ ਇਸ ਤਰ੍ਹਾਂ ਹੀ ਜਾਰੀ ਰਹੇਗੀ।
ਭੁੱਖ ਹੜਤਾਲ ਜਾਰੀ
ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੇ ਦੁੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਵਿਦਿਆਰਥੀ ਹਾਂ ਪਰ ਸਾਡੀ ਵੀ ਸੂਹ ਲੈਣ ਅਜੇ ਤੱਕ ਪ੍ਰਸ਼ਾਸਨ ਵਿਚੋਂ ਕੋਈ ਨਹੀਂ ਆਇਆ। ਇਸ ਤੋਂ ਇਹ ਗੱਲ ਤਾਂ ਸਾਫ ਹੈ ਕਿ ਪ੍ਰਸ਼ਾਸਨ 'ਤੇ ਰਾਜਨੀਤੀ ਹਾਵੀ ਹੈ। ਰਾਹੁਲ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਹਾਂ ਤਾਂ ਕਰਕੇ ਸਾਡੇ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ ਪਰ ਅਸੀਂ ਵੀ ਆਪਣੀ ਮੰਗ 'ਤੇ ਅਡਿੱਗ ਹਾਂ ਜਦੋਂ ਤੱਕ ਸਰਕਾਰ ਫੈਸਲਾ ਨਹੀਂ ਪਲਟਦੀ, ਅਸੀਂ ਭੁੱਖ ਹੜਤਾਲ ਜਾਰੀ ਰੱਖਾਂਗੇ