ਚੰਡੀਗੜ੍ਹ: ਪੰਜਾਬ ਭਾਜਪਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections 2022) ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ 'ਚ ਪੰਜਾਬ ਭਾਜਪਾ ਦੇ ਵੱਡੇ ਆਗੂ ਚੰਡੀਗੜ੍ਹ ਭਾਜਪਾ ਦਫ਼ਤਰ (BJP office Chandigarh) ਪਹੁੰਚੇ। ਭਾਜਪਾ ਦਫ਼ਤਰ ਵਿੱਚ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਸਹਿ ਇੰਚਾਰਜ ਹਰਦੀਪ ਸਿੰਘ ਪੁਰੀ, ਸਹਿ ਇੰਚਾਰਜ ਦੁਸ਼ਯੰਤ ਗੌਤਮ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਤਰੁਣ ਚੁੱਘ, ਨਰਿੰਦਰ ਰੈਨਾ ਵੀ ਹਾਜ਼ਰ ਸਨ।
ਇਸ ਦੌਰਾਨ ਗਜੇਂਦਰ ਸ਼ੇਖਾਵਤ (Gajendra Shekhawat) ਨੇ ਕਿਹਾ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਹੈ। ਮੋਦੀ ਦੀ ਅਗਵਾਈ ਵਿੱਚ ਸਰਕਾਰ ਸਬਕਾ ਸਾਥ, ਸਬਕਾ ਵਿਸ਼ਵਾਸ, ਸਬਕਾ ਵਿਕਾਸ ਦਾ ਮੰਤਰ ਲੈ ਕੇ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਮਾਫ਼ੀਆ ਰਾਜ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਾਂਗੇ। ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀਆਂ ਦੀਆਂ ਨੀਤੀਆਂ ਤੋਂ ਨਿਰਾਸ਼ ਹਨ। ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ 4 ਸਾਲ ਬੀਤ ਜਾਣ ਤੋਂ ਬਾਅਦ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਲੋਕ ਇਸ ਸਰਕਾਰ ਦਾ ਤਖ਼ਤਾ ਪਲਟਣ ਲਈ ਵਚਨਬੱਧ ਹਨ।
ਕੇਂਦਰ ਸਰਕਾਰ (Central Government) ਦੀਆਂ ਪ੍ਰਾਪਤੀਆਂ ਬਾਬਤ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ 1984 ਦੇ ਦੰਗਿਆਂ ਤੋਂ ਬਾਅਦ ਲੋਕ ਲਗਾਤਾਰ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਨਿਆਂ ਦੀ ਉਡੀਕ ਕਰ ਰਹੇ ਸਨ, ਇੱਕ ਐਸਆਈਟੀ ਬਣਾ ਕੇ ਭਾਜਪਾ ਨੇ ਉਸ ਜਾਂਚ ਨੂੰ ਤਰਕਸੰਗਤ ਅੰਤ ਤੱਕ ਪਹੁੰਚਾਉਣ ਦਾ ਕੰਮ ਕੀਤਾ। ਕਾਲੀ ਸੂਚੀ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਵੀ ਪ੍ਰਧਾਨ ਮੰਤਰੀ ਨੇ ਕੀਤਾ ਹੈ, ਜਦਕਿ ਲੰਗਰ 'ਤੇ ਜੀ.ਐੱਸ.ਟੀ. ਨੂੰ ਖ਼ਤਮ ਕਰਨ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ। ਕੇਂਦਰ ਸਰਕਾਰ ਦੇ ਯਤਨਾਂ ਨਾਲ ਕਰਤਾਰਪੁਰ ਲਾਂਘਾ ਸ਼ੁਰੂ ਹੋਇਆ ਹੈ। ਬਠਿੰਡਾ 'ਚ ਏਮਜ਼ ਅਤੇ ਅੰਮ੍ਰਿਤਸਰ 'ਚ ਆਈ.ਆਈ.ਐੱਮ. ਵੀ ਸ਼ੁਰੂ ਕੀਤਾ ਗਿਆ ਹੈ।
ਗਜੇਂਦਰ ਸ਼ੇਖਾਵਤ ਨੇ ਦਾਅਵਾ ਕੀਤਾ ਕਿ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ, ਭਾਜਪਾ 117 ਸੀਟਾਂ 'ਤੇ ਚੋਣ ਲੜੇਗੀ ਅਤੇ ਪੰਜਾਬ 'ਚ ਭਾਜਪਾ ਦਾ ਕਮਲ ਖਿਲਾਵੇਗੀ, ਉਲਟਾ ਹਾਲਾਤ ਪੈਦਾ ਹੋਣ 'ਤੇ ਵੀ ਵੱਖ-ਵੱਖ ਪਾਰਟੀਆਂ ਦੇ 5000 ਵਰਕਰਾਂ ਤੇ ਆਗੂ ਭਾਜਪਾ 'ਚ ਸ਼ਾਮਿਲ ਹੋਏ ਹਨ।
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਖੇਤੀ ਵਿੱਚ ਬੁਨਿਆਦੀ ਤਬਦੀਲੀ ਦੀ ਲੋੜ ਹੈ, ਜ਼ਮੀਨ ਨੂੰ ਸੁਧਾਰਨ ਤੋਂ ਲੈ ਕੇ ਉਪਜ ਵਧਾਉਣ, ਸਿੰਚਾਈ ਦੇ ਸਾਧਨਾਂ ਨੂੰ ਵਧਾਉਣ, ਡੇਅਰੀ, ਮੱਛੀ ਪਾਲਣ ਸਮੇਤ ਹੋਰ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਨੇ ਇਸ 'ਤੇ ਕੰਮ ਕੀਤਾ ਹੈ।
ਦੇਸ਼ ਦੀ ਸਰਕਾਰ ਨੇ ਖੇਤੀ ਖੇਤਰ ਵਿੱਚ ਇਨਕਲਾਬੀ ਤਬਦੀਲੀ ਲਈ ਕੰਮ ਕੀਤਾ ਹੈ, ਕੁਝ ਲੋਕ ਆਪਣੇ ਸਵਾਰਥੀ ਹਿੱਤਾਂ ਲਈ ਕਿਸਾਨਾਂ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਚੱਲ ਰਹੇ ਹਨ। ਸਰਕਾਰ ਨੇ ਫ਼ਸਲਾਂ ਦੀ ਖਰੀਦ ਲਈ ਕਿਸਾਨਾਂ ਦੇ ਖਾਤਿਆਂ ਵਿੱਚ 24 ਹਜ਼ਾਰ ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਕੰਮ ਕੀਤਾ ਹੈ।
ਬੀਐਸਐਫ (BSF) ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾਉਣ ਬਾਰੇ ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਦੇ ਸਵਾਲ 'ਤੇ ਸ਼ੇਖਾਵਤ ਨੇ ਕਿਹਾ ਕਿ ਉਹ ਆਪਣੇ ਬਿਆਨ ਦਾ ਜਵਾਬ ਖੁਦ ਦੇ ਸਕਦੇ ਹਨ, ਉਹ ਭਾਜਪਾ ਦੀ ਵਿਚਾਰਧਾਰਾ 'ਤੇ ਚੱਲਣ ਵਾਲੇ ਹਰ ਵਿਅਕਤੀ ਦਾ ਸਵਾਗਤ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਦਿਲ ਅਤੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਇਹ ਵੀ ਪੜ੍ਹੋ: ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਬਠਿੰਡਾ ’ਚ ਵਪਾਰੀਆਂ ਲਈ ਕੀਤੇ ਵੱਡੇ ਐਲਾਨ