ਚੰਡੀਗੜ੍ਹ: ਇਸ ਵਾਰ ਉਮੀਦਾਂ, ਨਿਰਾਸ਼ਾਵਾਂ ਅਤੇ ਕੋਰੋਨਾ ਸੰਕਟ ਦੇ ਵਿਚਕਾਰ ਨਵਾਂ ਸਾਲ ਮਨਾਇਆ ਗਿਆ। ਸਾਲ 2021 ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੇ ਵਿਚਕਾਰ ਹੋਈ ਹੈ। ਹਾਲਾਂਕਿ, ਕੋਰੋਨਾ ਪ੍ਰੋਟੋਕੋਲ ਦੇ ਕਾਰਨ, ਲੋਕਾਂ ਨੂੰ ਆਪਣੇ ਘਰਾਂ 'ਚ ਰਹਿ ਕੇ ਹੀ ਨਵੇਂ ਸਾਲ ਦਾ ਸਵਾਗਤ ਕਰਨਾ ਪਿਆ।
ਦੇਸ਼ ਭਰ ਦੇ ਲੋਕਾਂ ਵੱਲੋਂ 2021 ਦਾ ਸਵਾਗਤ
ਕੋਰੋਨਾ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੇ ਬਾਵਜੂਦ, ਨਵੇਂ ਸਾਲ ਦੇ ਸਵਾਗਤ ਵਿੱਚ ਲੋਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ। ਦਿੱਲੀ-ਐਨਸੀਆਰ ਵਿੱਚ ਪਾਬੰਦੀ ਦੇ ਬਾਵਜੂਦ ਲੋਕਾਂ ਨੇ ਪਟਾਕਿਆਂ ਅਤੇ ਹਾਜ-ਵਾਜੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਰਾਜਧਾਨੀ ਦਿੱਲੀ ਅਤੇ ਮੁੰਬਈ ਦੇ ਇਤਿਹਾਸਕ ਅਤੇ ਵੱਡੇ ਦਫਤਰਾਂ ਵਿੱਚ ਸ਼ਾਨਦਾਰ ਲਾਈਟਾਂ ਲਗਾਈਆਂ ਗਈਆਂ।
ਨਾਈਟ ਕਰਫਿਊ ਵਿਚਾਲੇ ਜਸ਼ਨ
ਜ਼ਿਆਦਾਤਰ ਸੂਬਿਆਂ ਜਿਵੇਂ ਕਿ ਮਹਾਰਾਸ਼ਟਰ, ਦਿੱਲੀ, ਤਮਿਲ ਨਾਡੂ ਵਿੱਚ ਰਾਤ ਦਾ ਕਰਫਿਊ ਅਜੇ ਵੀ ਲਾਗੂ ਹੈ ਪਰ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ 'ਚ ਰਾਹਤ ਦਿੱਤੀ ਗਈ ਹੈ। ਲੋਕਾਂ ਨੇ 2020 ਦੀਆਂ ਕੌੜੀਆਂ ਯਾਦਾਂ ਨੂੰ ਅਲਵਿਦਾ ਕਹਿੰਦਿਆਂ ਖੁਸ਼ੀ-ਖੁਸ਼ੀ ਨਵੀਆਂ ਉਮੀਦਾਂ ਨਾਲ ਸਾਲ 2021 ਦਾ ਸਵਾਗਤ ਕੀਤਾ।
ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਇਸੇ ਤਹਿਤ ਨਵੇਂ ਸਾਲ ਦੇ ਸਵਾਗਤ ਅਤੇ ਰੱਬ ਦਾ ਆਸ਼ਿਰਵਾਦ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਤੜਕਸਾਰ ਤੋਂ ਹੀ ਸਿੱਖ ਸ਼ਰਧਾਲੂ ਪਵਿੱਤਰ ਸਰੋਵਰ 'ਚ ਕੜਾਕੇ ਦੀ ਠੰਡ ਦੇ ਬਾਵਜੂਦ ਇਸ਼ਨਾਨ ਕਰ ਰਹੇ ਹਨ।