ਚੰਡੀਗੜ੍ਹ: ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨਾਲ ਮੌਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੋਏ ਕਥਿਤ ਵਿਤਕਰੇ ਦੇ ਮਾਮਲੇ ਵਿੱਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਬੁੱਧਵਾਰ ਨੂੰ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ ਆਪਣੀ ਕਾਰਵਾਈ ਰਿਪੋਰਟ ਕਮਿਸ਼ਨ ਨੂੰ ਸੌਂਪੇ।
ਇਸ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੀ ਕਾਰਵਾਈ ਰਿਪੋਰਟ ਤੁਰੰਤ ਦੇਣ ਲਈ ਆਖਦਿਆਂ ਕੌੰਮੀ ਕਮਿਸ਼ਨ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ 3 ਦਿਨਾਂ ਦੇ ਅੰਦਰ ਕਮਿਸ਼ਨ ਨੂੰ ਰਿਪੋਰਟ ਪ੍ਰਾਪਤ ਨਹੀਂ ਹੁੰਦੀ ਹੈ ਤਾਂ ਇਸ ਵੱਲੋਂ ਸਰਕਾਰ ਨੂੰ ਸੰਮਨ ਜਾਰੀ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਇਸ ਮਾਮਲੇ ਬਾਰੇ ਅਕਾਲੀ ਆਗੂ ਵੱਲੋਂ ਕੌਮੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਰਾਮ ਸ਼ੰਕਰ ਕਥੇਰੀਆ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕੀਤੇ ਸਨ।
ਹੋਰ ਜਾਣਕਾਰੀ ਦਿੰਦਿਆਂ ਅਟਵਾਲ ਨੇ ਦੱਸਿਆ ਕਿ ਇੱਕ ਚਿੱਠੀ ਰਾਹੀਂ ਉਹਨਾਂ ਇਹ ਗੱਲ ਕੌਮੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੀ ਸੀ ਕਿ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਾਲ ਨਾ ਸਿਰਫ਼ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਦੇ ਸਮੇਂ ਵਿਤਕਰਾ ਕੀਤਾ ਗਿਆ ਸੀ, ਸਗੋਂ ਮੌਤ ਤੋਂ ਬਾਅਦ ਉਹਨ੍ਹਾਂ ਦਾ ਵੇਰਕਾ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਹੋਣ ਤੋਂ ਵੀ ਰੋਕ ਦਿੱਤਾ ਗਿਆ ਸੀ।
ਉਨ੍ਹਾਂ ਨੇ ਕਮਿਸ਼ਨ ਨੂੰ ਰਾਗੀ ਦੀ ਆਪਣੇ ਪਰਿਵਾਰ ਨਾਲ ਟੈਲੀਫੋਨ ਉੱਤੇ ਹੋਈ ਆਖਰੀ ਗੱਲਬਾਤ ਬਾਰੇ ਵੀ ਦੱਸਿਆ ਸੀ ਕਿ ਜਿਸ ਵਿੱਚ ਭਾਈ ਨਿਰਮਲ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਚਾਰ ਘੰਟੇ ਤੋਂ ਉਨ੍ਹਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ।