ਚੰਡੀਗੜ੍ਹ: ਪੰਜਾਬ ਦੇ ਵਿੱਚ 14 ਫਰਵਰੀ ਨੂੰ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਪੈਣੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਵਫ਼ਦ ਨੇ ਪੰਜਾਬ ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ । ਚੰਡੀਗੜ੍ਹ ਵਿਖੇ ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੇ ਤਰੀਕੇ ਨਾਲ ਵਿਗੜੀ ਹੋਈ ਹੈ, ਜਿਸ ਨੂੰ ਠੀਕ ਕਰਨਾ ਹੁਣ ਰਾਜ ਚੋਣ ਕਮਿਸ਼ਨ ਦਾ ਕੰਮ ਹੈ। ਇਸ ਕਰਕੇ ਸੀ ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਕਰ ਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ।
ਭਾਜਪਾ ਦੇ ਘਰਾਂ ਦੇ ਅੱਗਿਓਂ ਧਰਨੇ ਚੁੱਕੇ ਜਾਣ
- ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਈ ਥਾਵਾਂ 'ਤੇ ਭਾਜਪਾ ਲੀਡਰ ਦੇ ਘਰਾਂ ਅਤੇ ਦਫਤਰਾਂ ਅੱਗੇ ਧਰਨੇ ਚੱਲ ਰਹੇ ਹਨ ਜਿਸ ਨੂੰ ਹੁਣ ਉਠਾਉਣਾ ਰਾਜ ਦੇ ਚੋਣ ਕਮਿਸ਼ਨ ਦਾ ਕੰਮ ਹੈ। ਜੇ ਧਰਨੇ ਇਸੇ ਤਰੀਕੇ ਨਾਲ ਚਲਦੇ ਰਹਿਣਗੇ ਤਾਂ ਭਾਜਪਾ ਦੇ ਵਰਕਰਾਂ ਨੂੰ ਚੋਣ ਪ੍ਰਚਾਰ ਕਰਨਾ ਮੁਸ਼ਕਿਲ ਹੋ ਜਾਵੇਗਾ।
- ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਨਾਂਅ 'ਤੇ ਕਿਸਾਨਾਂ ਦੇ ਲੀਡਰ ਭਾਜਪਾ ਉੱਪਰ ਹਮਲੇ ਕਰ ਰਹੇ ਹਨ ਅਤੇ ਚੋਣ ਪ੍ਰਚਾਰ ਵਿੱਚ ਵਿਘਨ ਪਾ ਰਹੇ ਹਨ। ਰਾਜ ਦੇ ਚੋਣ ਕਮਿਸ਼ਨ ਨਾਲ ਮੁਲਾਕਾਤ ਵੇਲੇ ਭਾਜਪਾ ਲੀਡਰਾਂ ਨੇ ਉਨ੍ਹਾਂ ਸਾਰੀਆਂ ਥਾਂਵਾਂ ਦਾ ਵੇਰਵਾ ਵੀ ਰਾਜ ਚੋਣ ਕਮਿਸ਼ਨ ਨੂੰ ਦਿੱਤਾ ਜਿੱਥੇ ਭਾਜਪਾ ਲੀਡਰਾਂ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ 'ਤੇ ਹਮਲੇ ਕੀਤੇ ਗਏ । ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਭ ਕੁਝ ਕਾਂਗਰਸ ਦੇ ਗੁੰਡੇ ਕਰ ਰਹੇ ਹਨ ਕਿਉਂਕਿ ਉਹ ਕਿਸਾਨ ਅੰਦੋਲਨ ਦੇ ਨਾਮ ਤੇ ਬੀਐੱਨਪੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ ।
- ਮੰਡੀ ਗੋਬਿੰਦਗੜ੍ਹ 'ਚ ਚੱਲ ਰਹੀ ਅਸ਼ਵਨੀ ਸ਼ਰਮਾਂ ਦੀ ਮੀਟਿੰਗ ਬਾਰੇ ਪਤਾ ਲੱਗਣ 'ਤੇ ਕਿਸਾਨਾਂ ਨੇ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਉਨ੍ਹਾਂ ਨੇ ਇਸ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਦਾ ਇਲਜ਼ਾਮ ਕਾਂਗਰਸ ਦੇ ਮੱਥੇ ਮੜ੍ਹ ਦਿੱਤਾ ਹੈ।
ਅਸ਼ਵਨੀ ਸ਼ਰਮਾ ਨੇ ਇਸ ਤੋਂ ਇਲਾਵਾ ਰਾਜ ਦੇ ਚੋਣ ਕਮਿਸ਼ਨ ਤੋਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਚੋਣ ਕਰਾਉਣ ਦੀ ਮੰਗ ਵੀ ਕੀਤੀ । ਵਫ਼ਦ ਵਿੱਚ ਦੁਸ਼ਯੰਤ ਗੌਤਮ ,ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ,ਮਦਨ ਮੋਹਨ ਮਿੱਤਲ,ਮਨੋਰੰਜਨ ਕਾਲੀਆ ਅਤੇ ਅਨਿਲ ਸਰੀਨ ਸ਼ਾਮਲ ਸਨ ।