ਚੰਡੀਗੜ੍ਹ: ਨਗਰ ਨਿਗਮ ਦੀ ਸਦਨ ਦੀ ਬੈਠਕ ਵਿੱਚ ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਨੇ ਰੋਡ ਵਿੰਗ 'ਚ ਜੇਈ ਪੱਧਰ ਦੇ ਮੁਲਾਜ਼ਮਾਂ ਦੇ ਤਬਾਦਲੇ ਦਾ ਮਾਮਲਾ ਚੁੱਕਿਆ। ਇਸ ਦੇ ਜਵਾਬ ਵਿੱਚ ਨਿਗਮ ਕਮਿਸ਼ਨਰ ਕੇਕੇ ਯਾਦਵ ਨੇ ਕਿਹਾ ਕਿ ਮੁਲਾਜ਼ਮਾਂ ਦੇ ਤਬਾਦਲੇ ਦਾ ਅਧਿਕਾਰ ਉਨ੍ਹਾਂ ਕੋਲ ਹੈ ਤੇ ਕਿਸੇ ਵੀ ਕਰਮਚਾਰੀ ਨੂੰ ਉਸ ਦੇ ਜੂਨੀਅਰ ਅਹੁਦੇ 'ਤੇ ਨਹੀਂ ਲਗਾਇਆ ਗਿਆ ਹੈ।
ਇਸ ਦੇ ਚੱਲਦਿਆਂ ਸਦਨ 'ਚ ਹੰਗਾਮਾ ਇੰਨਾ ਵੱਧ ਗਿਆ ਕਿ ਮੇਅਰ ਰਾਜੇਸ਼ ਕਾਲੀਆ ਤੇ ਕੌਂਸਲਰ ਸਤੀਸ਼ ਕੈਂਥ ਵਿਚਕਾਰ ਜਬਰਦਸਤ ਝੜਪ ਹੋ ਗਈ। ਇਸ ਦੌਰਾਨ ਮੇਅਰ ਰਾਜੇਸ਼ ਕਾਲੀਆ ਨੇ ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਨੂੰ ਸਦਨ ਤੋਂ ਇੱਕ ਦਿਨ ਲਈ ਸਸਪੈਂਡ ਕਰਨ ਦਾ ਫ਼ੈਸਲ ਕੀਤਾ। ਇਸ ਦੇ ਨਾਲ ਹੀ ਮੇਅਰ ਰਾਜੇਸ਼ ਕਾਲੀਆ ਨੇ ਮਾਰਸ਼ਲ ਬੁਲਾ ਕੇ ਕੈਂਥ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ।
ਸਾਬਕਾ ਮੇਅਰ ਅਰੂਣ ਸੂਦ ਨੇ ਕਿਹਾ ਕਿ ਜੇ ਸਤੀਸ਼ ਕੈਂਥ ਸਦਨ ਤੋਂ ਮੁਆਫ਼ੀ ਮੰਗਣਗੇ ਤਾਂ ਸਦਨ ਵਿੱਚ ਵਾਪਸ ਆ ਸਕਦੇ ਹਨ। ਉੱਥੇ ਹੀ ਕਾਂਗਰਸ ਕੌਂਸਲਰ ਦੇ ਨੇਤਾ ਦਵਿੰਦਰ ਸਿੰਘ ਸੱਬਲ ਨੇ ਕਿਹਾ ਕਿ ਸਦਨ ਵਿੱਚ ਜੋ ਵੀ ਹੋਇਆ ਉਹ ਚੰਗਾ ਨਹੀਂ ਹੋਇਆ, ਅਜਿਹਾ 15 ਸਾਲ ਬਾਅਦ ਹੋਇਆ ਹੈ ਕਿ ਮਾਰਸ਼ਲ ਬੁਲਾ ਕੇ ਬਾਹਰ ਕੱਢਿਆ ਹੈ।