ਚੰਡੀਗੜ੍ਹ: ਜਿੱਥੇ ਨੌਜਵਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨ੍ਹਦੇ ਹਨ ਉੱਥੇ ਹੀ ਪ੍ਰਸ਼ਾਸਨ ਉਨ੍ਹਾਂ ਦੀਆਂ ਨਿਸ਼ਾਨੀਆਂ ਅਤੇ ਉਨ੍ਹਾਂ ਦੇ ਨਾਲ ਜੁੜੇ ਸਥਾਨਾਂ ਨੂੰ ਵੀ ਪੂਰੀ ਸ਼ਿੱਦਤ ਨਾਲ ਸਾਂਭ ਸੰਭਾਲ ਕਰ ਰਿਹਾ ਹੈ। ਡੇਰਾਬੱਸੀ ਦੇ ਮੁਬਾਰਕਪੁਰ ਵਿੱਚ ਸਥਿਤ ਇੱਕ ਪੁਰਾਣਾ ਥਾਣਾ ਹੈ ਜਿਸ ਨੂੰ ਅੰਗਰੇਜ਼ਾਂ ਦੇ ਸਮੇਂ ਵਿੱਚ ਤਿਆਰ ਕੀਤਾ ਗਿਆ ਸੀ। ਇਸ ਥਾਣੇ ਦੀ ਇਹ ਖਾਸੀਅਤ ਹੈ ਕਿ ਇਸ ਦੀ ਇੱਕ ਬੈਰਕ ਵਿੱਚ ਭਗਤ ਸਿੰਘ ਨੂੰ ਇੱਕ ਦਿਨ ਲਈ ਕੈਦ ਕਰਕੇ ਰੱਖਿਆ ਗਿਆ ਸੀ।
ਅੱਜ ਪ੍ਰਸ਼ਾਸਨ ਇਸ ਬੈਰਕ ਦੀ ਮੁਰੰਮਤ ਕਰਕੇ ਇਸ ਨੂੰ ਲੋਕਾਂ ਦੇ ਦੇਖਣ ਲਈ ਤਿਆਰ ਕਰ ਰਿਹਾ ਹੈ। ਇਸ ਦੌਰਾਨ ਇੱਥੇ ਇੱਕ ਲਾਇਬ੍ਰੇਰੀ ਵੀ ਬਣਾਈ ਜਾਵੇਗੀ ਤਾਂ ਜੋ ਨੌਜਵਾਨ ਪੀੜੀ ਭਗਤ ਸਿੰਘ ਨਾਲ ਸਬੰਧਤ ਸਾਹਿਤ ਪੜ੍ਹ ਸਕੇ।
ਡੀ.ਐਸ.ਪੀ ਗੁਰਬਖਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਇਸ ਜੇਲ੍ਹ ਦੀ ਸਾਫ਼ ਸਫਾਈ ਕੀਤੀ ਜਾ ਰਹੀ ਸੀ ਉਦੋਂ ਉਨ੍ਹਾਂ ਦੇ ਮਨ ਵਿੱਚ ਖ਼ਿਆਲ ਆਇਆ ਕਿ ਕਿਉਂ ਨਾ ਇਸ ਦੀ ਸਾਂਭ ਸੰਭਾਲ ਕਰਕੇ ਇਸ ਨੂੰ ਅਪਗ੍ਰੇਡ ਕੀਤਾ ਜਾਵੇ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਜੇਲ੍ਹ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਜੇਲ੍ਹ ਨੂੰ ਲੋਕਾਂ ਦੇ ਦੇਖਣ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਇਸ ਜੇਲ੍ਹ ਦਾ ਇਲਮ ਹੈ ਉਹ ਇਸ ਨੂੰ ਦੇਖਣ ਲਈ ਆਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਨੂੰ ਵੇਖਣ ਲਈ ਕੋਈ ਵੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਥਾਣੇ ਨੂੰ ਅਡਾਪਟ ਕਰਕੇ ਇਸ ਦੀ ਸਾਂਭ ਸੰਭਾਲ ਦੀ ਮੰਗ ਕਰਨਗੇ ਤੇ ਇਹ ਆਮ ਜਨਤਾ ਦੇ ਲਈ ਖੁੱਲ੍ਹਾ ਤੇ ਇੱਥੇ ਬਣਨ ਵਾਲੀ ਲਾਇਬ੍ਰੇਰੀ ਵਿੱਚ ਕੋਈ ਵੀ ਨੌਜਵਾਨ ਆ ਕੇ ਪੜ੍ਹ ਸਕੇਗਾ ਤੇ ਇਸ ਨਾਲ ਜਿੱਥੇ ਨੌਜਵਾਨਾਂ ਨੂੰ ਭਗਤ ਸਿੰਘ ਸਾਹਿਤ ਬਾਰੇ ਪਤਾ ਲੱਗੇਗਾ ਤਾਂ ਉੱਥੇ ਹੀ ਹੋਰਨਾਂ ਗਲਤ ਗਤੀਵਿਧੀਆਂ ਤੋਂ ਨੌਜਵਾਨ ਦੂਰ ਰਹਿਣਗੇ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਮਾਮਲੇ 'ਚ ਓਬੀਸੀ ਮੋਰਚਾ ਤੇ ਭਾਜਪਾ ਆਗੂਆਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ