ਚੰਡੀਗੜ੍ਹ:ਮਾਂ ਬੋਲੀ ਅਤੇ ਮਾਤ ਭੂਮੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਮੌਜੂਦਾ ਸਮੇਂ 'ਚ ਸਰਕਾਰਾਂ ਨਾਲ ਲੜਾਈ ਮਹਿਜ਼ ਮਾਤ ਭੂਮੀ ਬਚਾਉਣ ਲਈ ਹੀ ਨਹੀਂ, ਸਗੋਂ ਮਾਂ ਬੋਲੀ ਬਚਾਉਣ ਦੀ ਵੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਅੰਦੋਲਨ ਦੇ ਸੰਚਾਲਕ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਡਾ.ਦਰਸ਼ਨ ਪਾਲ ਨੇ ਕੀਤਾ। ਉਨ੍ਹਾਂ ਵੱਲੋਂ ਇਹ ਵਿਚਾਰ ਸਿੰਘੂ ਬਾਰਡਰ 'ਤੇ ਆਯੋਜਿਤ ਕੌਮਾਂਤਰੀ ਭਾਸ਼ਾ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਦੌਰਾਨ ਰੱਖੇ ਗਏ।
ਇਹ ਪ੍ਰੋਗਰਾਮ ਮਾਂ ਬੋਲੀ ਜਾਗਰੂਕਤਾ ਮੰਚ ਪੰਜਾਬ ਤੇ ਪਟਿਆਲਾ ਆਰਟਸ ਐਂਡ ਕਲਚਰਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ.ਦਰਸ਼ਨ ਪਾਲ ਨੂੰ ਮਾਂ ਬੋਲੀ ਸੇਵਕ ਦਾ ਸਨਮਾਨ ਦਿੱਤਾ ਗਿਆ।
ਇਸ ਮੌਕੇ ਡਾ.ਦਰਸ਼ਨ ਪਾਲ ਨੇ ਕਿਹਾ ਕਿ ਮਾਂ ਬੋਲੀ ਤੇ ਮਾਤ ਭੂਮੀ ਦੋਹਾਂ ਨੂੰ ਇੱਕ ਦੂਜੇ ਦਾ ਪੂਰਕ ਜਾਂ ਸਮਾਨਾਰਥੀ ਕਿਹਾ ਜਾ ਸਕਦਾ ਹੈ। ਸਰਕਾਰਾਂ ਆਪਣੀਆਂ ਨੀਤੀਆਂ ਰਾਹੀਂ ਦੋਵਾਂ ਨੂੰ ਹੀ ਆਮ ਲੋਕਾਂ ਤੋਂ ਵੱਖ ਕਰਕੇ ਆਪਣਾ ਗੁਲਾਮ ਬਣਾਉਣਾ ਚਾਹੁੰਦੀਆਂ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀਆਂ ਪ੍ਰਤੀ ਸਰਕਾਰਾਂ ਦੀ ਅਣਗਹਿਲੀ 'ਤੇ ਵੀ ਚਿੰਤਾ ਪ੍ਰਗਟ ਕੀਤੀ।
ਸਮਾਗਮ ਦੀ ਅਗੁਵਾਈ ਕਰਦੇ ਹੋਏ ਮੰਚ ਦੇ ਸੰਯੋਜਕ ਅਤੇ ਚਿੰਤਕ ਗੁਰਮਿੰਦਰ ਸਿੰਘ ਸਮਦ ਨੇ ਡਾ. ਦਰਸ਼ਨ ਪਾਲ ਦੇ ਜੀਵਨ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਡਾ. ਦਰਸ਼ਨ ਪਾਲ ਨੇ ਲੋਕ ਹੋਂਦ ਅਤੇ ਲੋਕ ਹੱਕਾਂ ਨੂੰ ਬਚਾਉਣ ਲਈ ਲੋਕ ਸੰਘਰਸ਼ਾਂ ਰਾਹੀਂ ਬੇਮਿਸਾਲ ਯੋਗਦਾਨ ਦਿੱਤਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ ਨਾਲ ਪੰਜਾਬ ਸਮਾਜ ਪ੍ਰਤੀ ਉਨ੍ਹਾਂ ਦੀ ਉਸਾਰੂ ਭੂਮਿਕਾ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਮੰਚ ਦੇ ਸਹਿ ਸੰਯੋਜਕ ਅਤੇ ਸਮਾਜਿਕ ਕਾਰਕੁਨ ਅਮਨ ਅਰੋੜਾ ਨੇ ਦੱਸਿਆ ਕਿ ਇਸ ਸਨਮਾਨ ਲਈ ਉੱਘੇ ਵਿਦਵਾਨਾਂ ਦੀ ਕਮੇਟੀ ਵੱਲੋਂ ਡਾ. ਦਰਸ਼ਨ ਪਾਲ ਦੇ ਨਾਂਅ ਦੀ ਚੋਣ ਕੀਤੀ ਗਈ।