ਚੰਡੀਗੜ੍ਹ: ਹਰਿਆਣਾ ਸੂਬੇ ਵਿੱਚ ਨਵੰਬਰ 1984 ਨੂੰ ਵਾਪਰੇ ਹੋਂਦ ਚਿੱਲੜ ਕਾਂਡ ਦੇ ਮੁਲਜ਼ਮਾਂ ਵਿਰੁੱਧ ਜਲਦ ਕਰਵਾਈ ਦੀ ਮੰਗ ਨੂੰ ਲੈ ਕੇ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਸ ਦੇ ਸਾਥੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕਰ ਧਰਨਾ ਦਿੱਤਾ। ਇਸ ਧਰਨੇ ਦਰਮਿਆਨ ਇੱਕ ਵਫਦ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੂੰ ਮੰਗ ਪੱਤਰ ਦਿੱਤਾ।
ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਮਨਵਿੰਦਰ ਸਿੰਘ ਨੇ ਕਿਹਾ ਕਿ ਹੋਂਦ ਵਿੱਚ 32 ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਇੱਕ ਸਿੱਖ ਫ਼ੌਜੀ ਇੰਦਰਜੀਤ ਸ਼ਾਮਲ ਸੀ ਤੇ ਗੁੜਗਾਉ ਵਿੱਚ 30 ਸਿੱਖਾ ਦਾ ਕਤਲੇਆਮ ਹੋਇਆ ਤੇ ਪਟੌਦੀ ਵਿੱਚ 17 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਇਸ ਕਤਲੇਆਮ ਤੋਂ ਬਾਅਦ ਇੱਕ ਜਸਟਿਸ ਸੀਪੀ ਗਰਗ ਕਮੀਸ਼ਨ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਸਟਿਸ ਸੀਪੀ ਗਰਗ ਕਮੀਸ਼ਨ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਹੋਂਦ ਚਿੱਲੜ ਗੁੜਗਾਉ ਪਟੌਦੀ ਦੇ ਕਤਲੇਆਮ ਵਿੱਚ ਚਾਰ ਅਫਸਰ ਐਸ.ਪੀ ਸਤਿੰਦਰ ਕੁਮਾਰ, ਡੀਐਸਪੀ ਰਾਮਪਾਲ, ਐਸਆਈ ਰਾਮ ਕਿਸ਼ੌਰ ਤੇ ਰਾਮ ਕੁਮਾਰ ਜ਼ਿੰਮੇਵਾਰ ਹਨ ਜ਼ਿਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਉੱਤੇ ਕਾਰਵਾਈ ਨਾ ਹੋਣ ਉਤੇ ਉਨ੍ਹਾਂ ਨੇ ਰਿੱਟ ਪਟੀਸ਼ਨ ਨੰਬਰ 17, 337, ਪਾਈ ਹੋਈ ਹੈ ਤਾਂ ਜੋ ਉਨ੍ਹਾਂ ਉੱਤੇ ਕਾਰਵਾਈ ਹੋ ਸਕੇ। ਉਨ੍ਹਾਂ ਕਿਹਾ ਕਿ 2017, 2018, 2019, 2020 ਲੰਘ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੇ ਮਨੋਹਰ ਲਾਲ ਖੱਟਰ ਇਸ ਕਰਕੇ ਸੱਤਾ ਵਿੱਚ ਆਏ ਸੀ ਕਿਉਂਕਿ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ 1984 ਦੇ ਕਤਲੇਆਮ ਵਿੱਚ ਕਾਤਲਾਂ ਨੂੰ ਸਜ਼ਾ ਦਵਾਉਣਗੇ।
ਮਨਵਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਉਨ੍ਹਾਂ ਨੇ ਕਿਹਾ ਕਿ ਸੀ ਕਿ ਇਸ ਕਤਲੇਆਮ ਵਿੱਚ ਕਾਂਗਰਸ ਦਾ ਹੱਥ ਹੈ ਜੇ ਕਾਂਗਰਸ ਇਸ ਵਿੱਚ ਦੌਸ਼ੀ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਲੱਗ ਰਿਹਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਕਾਤਲਾਂ ਨਾਲ ਮਿਲੀ ਹੋਈ ਹੈ ਇਸ ਕਰਕੇ ਉਹ ਦੋਸ਼ੀਆਂ ਨੂੰ ਬਚਾ ਰਹੀ ਹੈ।