ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੇ ਦੇਹਾਂਤ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੀ ਯਾਦ ਵਿੱਚ ਆਪਣੇ ਪਿੰਡ ਬਾਦਲ ਵਿਖੇ ਟਾਹਲੀ ਦਾ ਬੂਟਾ ਲਗਾਇਆ।
ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦੇ ਫੁੱਲ ਚੁਗਣ ਮਗਰੋਂ ਅਸਥੀਆਂ ਨੂੰ ਪ੍ਰਵਾਹ ਕਰਨ ਦੀ ਥਾਂ ਉਨ੍ਹਾਂ ਨੂੰ ਟੋਏ ਵਿੱਚ ਰੱਖ ਕੇ ਉਸ ਉੱਪਰ ਟਾਹਲੀ ਦਾ ਬੂਟਾ ਲਗਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਮਨਪ੍ਰੀਤ ਬਾਦਲ ਨੇ ਲਿਖਿਆ, "ਅੱਜ ਮੈਂ ਆਪਣੇ ਪਰਿਵਾਰ ਸਮੇਤ ਮੇਰੇ ਸਵਰਗੀ ਪਿਤਾ ਸ. ਗੁਰਦਾਸ ਸਿੰਘ ਬਾਦਲ ਜੀ ਦੀ ਯਾਦ ਵਿੱਚ ਪਿੰਡ ਬਾਦਲ ਵਿਖੇ ਇਕ ਟਾਹਲੀ ਦਾ ਪੌਦਾ ਲਗਾਇਆ।"
ਉਨ੍ਹਾਂ ਅੱਗੇ ਲਿਖਿਆ, "ਇਹ ਰੁੱਖ ਜਿਵੇਂ ਜਿਵੇਂ ਵੱਡਾ ਹੋਵੇਗਾ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ 'ਦਾਸ ਜੀ' ਦੀ ਸ਼ਾਨਦਾਰ ਵਿਰਾਸਤ ਦੀ ਯਾਦ ਦੁਆਉਂਦਾ ਰਹੇਗਾ।"
ਦੱਸਣਯੋਗ ਹੈ ਕਿ ਗੁਰਦਾਸ ਸਿੰਘ ਬਾਦਲ ਦਾ 88 ਵਰ੍ਹਿਆਂ ਦੀ ਉਮਰ ਵਿੱਚ ਬੀਤੀ 14 ਮਈ ਨੂੰ ਦੇਹਾਂਤ ਹੋ ਗਿਆ ਸੀ। ਉਹ ਮੋਹਾਲੀ ਦੇ ਫ਼ੋਰਟਿਸ ਹਸਪਤਾਲ ’ਚ ਦਾਖ਼ਲ ਸਨ ਤੇ ਕੁਝ ਦਿਨਾਂ ਤੋਂ ਵੈਂਟੀਲੇਟਰ ’ਤੇ ਸਨ।