ਚੰਡੀਗੜ੍ਹ: ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਦੇ ਇਕ ਉਚ ਪੱਧਰੀ ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ ਪ੍ਰਣਾਲੀ ਤੋਂ ਜਾਣੂ ਹੋਣ ਲਈ ਅਤੇ ਸਕੂਲਾਂ ਵਿੱਚ ਚਲ ਰਹੀਆਂ ਗੁਣਾਤਮਿਕ ਸਿੱਖਿਆ ਦੀਆਂ ਕਿਰਿਆਵਾਂ ਬਾਰੇ ਜਾਗਰੂਕ ਹੋਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੌਰਾ ਕੀਤਾ ਗਿਆ ।
ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਮੰਤਰੀ ਦੀਪਕ ਕੇਸਰਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਾਰਾਸ਼ਟਰ ਸਰਕਾਰ ਦੇ ਸਕੱਤਰ ਸਕੂਲ ਸਿੱਖਿਆ ਅਤੇ ਖੇਡ ਵਿਭਾਗ ਰਣਜੀਤ ਸਿੰਘ ਦਿਓਲ ਆਈ.ਏ.ਐੱਸ. ਦੀ ਅਗਵਾਈ ਵਾਲੇ ਵਫ਼ਦ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਰੈਣਗੜ੍ਹ ਝੁੱਗੀਆਂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ-1 ਮੋਹਾਲੀ ਅਤੇ ਮੈਰੀਟੋਰੀਅਸ ਸਕੂਲ ਮੋਹਾਲੀ ਦਾ ਦੌਰਾ ਕੀਤਾ।
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਮ ਡੀ.ਜੀ.ਐੱਸ.ਈ. ਪ੍ਰਦੀਪ ਕੁਮਾਰ ਅਗਰਵਾਲ ਆਈ.ਏ.ਐੱਸ ਵਲੋਂ ਇਸ ਵਫ਼ਦ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਵਾਇਆ ਗਿਆ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਰਜਪ੍ਰਣਾਲੀ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੌਰੇ 'ਤੇ ਆਏ ਵਫ਼ਦ ਵਿੱਚ ਕੈਲਾਸ਼ ਪਾਗਾਰੇ ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਮਹਾਰਾਸ਼ਟਰ ਪ੍ਰਾਇਮਰੀ ਸਿੱਖਿਆ ਪ੍ਰੀਸ਼ਦ ਮੁੰਬਈ, ਸੁਸ਼ਾਂਤ ਖਾਂਡੇਕਰ ਓ.ਐੱਸ.ਡੀ ਟੀ ਸਿੱਖਿਆ ਮੰਤਰੀ ਮਹਾਰਾਸ਼ਟਰ, ਸਿੱਧੇਸ਼ ਵਾਡੇਕਰ, ਸਲਾਹਕਾਰ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਮਹਾਰਾਸ਼ਟਰ, ਰਮਾਂਕਾਂਤ ਕਾਠਮੋਰੇ, ਸੰਯੁਕਤ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੂਣੇ (ਮਹਾਰਾਸ਼ਟਰਾ), ਮਹੇਸ਼ ਪਾਲਕਰ ਡਾਇਰੈਕਟਰ ਐਜੂਕੇਸ਼ਨ ਮਹਾਰਾਸ਼ਟਰ ਸ਼ਾਮਲ ਸਨ।
ਵਫ਼ਦ ਨੇ ਸਕੂਲਾਂ ਦੌਰੇ ਦੌਰਾਨ ਸਕੂਲ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬੱਚਿਆਂ ਲਈ ਮੁਫ਼ਤ ਸਿੱਖਿਆ, ਮੁਫ਼ਤ ਵਰਦੀ, ਪ੍ਰੀ-ਪ੍ਰਾਇਮਰੀ, ਸਮਾਰਟ ਕਲਾਸਰੂਮ, ਸਿੱਖਣ-ਸਿਖਾਉਣ ਲਈ ਵਰਤੀਆਂ ਜਾਣ ਵਾਲੀਆਂ ਉੱਤਮ ਕਿਰਿਆਵਾਂ (ਬੈਸਟ ਪ੍ਰੈਕਟਿਸਜ਼), ਸਾਇੰਸ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਟਿੰਕਰਿੰਗ ਲੈਬ, ਐਜੂਸੈੱਟ, ਵਿਦਿਆਰਥੀਆਂ ਲਈ ਵੰਨਗੀ ਭਰਪੂਰ ਬੈਠਣ ਲਈ ਫਰਨੀਚਰ, ਵੱਖ-ਵੱਖ ਵਜ਼ੀਫ਼ਾ ਸਕੀਮਾਂ ਤਹਿਤ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫ਼ਿਆਂ, ਮਿਡ-ਡੇ-ਮੀਲ, ਖੇਡ ਦੇ ਮੈਦਾਨ, ਸਪਲੀਮੈਂਟਰੀ ਸਟਡੀ ਮਟੀਰੀਅਲ, ਵਿਦਿਆਰਥੀਆਂ ਦੇ ਦਾਖ਼ਲਿਆਂ ਸੰਬੰਧੀ, ਸਕੂਲਾਂ ਦੀ ਗ੍ਰੇਡਿੰਗ, ਵਿਭਾਗ ਵੱਲੋਂ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਮੋਬਾਈਲ ਐਪ ਸੰਬੰਧੀ, ਵਿਦਿਆਰਥੀਆਂ ਅਤੇ ਹੋਰ ਸਹੂਲਤਾਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ।
ਉਹਨਾਂ ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਆਕਰਸ਼ਕ ਅਤੇ ਰੰਗਦਾਰ ਟੀਚਿੰਗ ਏਡ ਨੂੰ ਵੀ ਦੇਖਿਆ। ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੌਰੇ ਉਪਰੰਤ ਪੰਜਾਬ ਦੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਜਸਪ੍ਰੀਤ ਤਲਵਾੜ ਆਈ.ਏ.ਐੱਸ. ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸੰਗਠਨਾਤਮਕ ਢਾਂਚੇ, ਅਧਿਆਪਕਾਂ ਅਤੇ ਵਿਦਿਆਰਥੀਆਂ ਸੰਬੰਧੀ ਜਾਣਕਾਰੀ, ਅਧਿਆਪਕ ਸਿਖਲਾਈ ਪ੍ਰੋਗਰਾਮਾਂ, ਅਧਿਆਪਕ ਭਰਤੀ, ਸਮਾਰਟ ਸਕੂਲ ਨੀਤੀ, ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਖੇਡ ਨੀਤੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲੀ ਸਿੱਖਿਆ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵੀ ਵਿਸਤਾਰ ਪੂਰਵਕ ਚਰਚਾ ਕੀਤੀ।
ਪੰਜਾਬ ਸਰਕਾਰ ਦੇ ਭਵਿੱਖ ਟੀਚਿਆਂ ਬਾਰੇ ਮਹਾਰਾਸ਼ਟਰ ਦੇ ਵਫ਼ਦ ਨੂੰ ਜਾਣੂ ਕਰਵਾਉਂਦਿਆਂ ਸ੍ਰੀਮਤੀ ਤਲਵਾਰ ਨੇ ਦੱਸਿਆ ਸੂਬਾ ਸਰਕਾਰ ਵੱਲੋਂ ਬਹੁਤ ਜਲਦ 100 ਸਕੂਲ ਆਫ਼ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ ਜਿਸ ਲਈ 200 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਵਾਉਣ ਲਈ ਵੀ ਬਜ਼ਟ ਵਿੱਚ 30 ਕਰੋੜ ਰੁਪਏ ਰੱਖੇ ਗਏ ਹਨ।
ਇਸ ਮੌਕੇ ਗੌਰੀ ਪ੍ਰਾਸ਼ਰ ਜੋਸ਼ੀ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ, ਮਨੋਜ ਕੁਮਾਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਗੁਰਜੀਤ ਸਿੰਘ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਕਿਰਨਜੀਤ ਸਿੰਘ ਟਿਵਾਣਾ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸਮੇਂਤ ਕਈ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: RPG ਹਮਲੇ ਦਾ ਮੁੱਖ ਦੋਸ਼ੀ ਪੰਜਾਬ ਪੁਲਿਸ ਨੇ ਮੁੰਬਈ ਤੋਂ ਕੀਤਾ ਗ੍ਰਿਫਤਾਰ