ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Assembly elections in 2022) ਹੋਣ ਜਾ ਰਹੀਆਂ ਹਨ, ਜਿਵੇਂ -ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹਰ ਪਾਰਟੀ ਵੱਲੋਂ ਜਿੱਤ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਉਥੇ ਹੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਭਾਜਪਾ ਕੇਂਦਰ ਦੇ ਤਿੰਨ ਸੀਨੀਅਰ ਆਗੂ ਚੰਡੀਗੜ੍ਹ ਪਹੁੰਚੇ ਹਨ। ਪੰਜਾਬ ਭਾਜਪਾ ਦਫ਼ਤਰ ਚੰਡੀਗੜ੍ਹ ਸੈਕਟਰ 37 ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਸ਼ਾਮਲ ਹੋਏ ਹਨ। ਇਸ ਦੌਰਾਨ ਸਹਿ ਇੰਚਾਰਜ ਮੀਨਾਕਸ਼ੀ ਲੇਖੀ ਦਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ। ਗੁਰੂਆਂ ਦਾ ਨਾਂ ਲੈ ਕੇ ਅੱਜ ਅਸੀਂ ਆਪਣਾ ਕੰਮ ਸ਼ੁਰੂ ਕਰ ਰਹੇ ਹਾਂ। ਪਾਰਟੀ ਕਾਰਕੁੰਨਾਂ ਦੇ ਨਾਲ ਸਾਡੀ ਅੱਜ ਮੀਟਿੰਗ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਐੱਮ.ਪੀ. ਤੋਂ ਲੈ ਕੇ ਜ਼ਮੀਨ ਨਾਲ ਜੁੜੇ ਹਰ ਵਰਕਰ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਤੋਂ ਫੀਡਬੈਕ ਲਿਆ ਜਾਵੇਗਾ ਤਾਂ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੋਡਮੈਪ ਤਿਆਰ ਕੀਤਾ ਜਾ ਸਕੇ ਅਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਵੱਖ-ਵੱਖ ਅਹੁਦੇਦਾਰਾਂ ਨਾਲ ਵੀ ਅੱਜ ਸਾਡੀਆਂ ਕਈ ਮੀਟਿੰਗਾਂ ਹਨ। ਸਾਡੀ ਪਾਰਟੀ ਵਿਚ ਕਈ ਸੰਗਠਨਾਤਮਕ ਗਤੀਵਿਧੀਆਂ ਹੁੰਦੀਆਂ ਹਨ। ਸਾਡੇ ਸੰਗਠਨ ਇੰਚਾਰਜ ਹਨ ਅਤੇ ਚੋਣ ਇੰਚਾਰਜ ਵੀ ਹਨ, ਜਿਨ੍ਹਾਂ ਦੀਆਂ ਵੱਖ-ਵੱਖ ਮੀਟਿੰਗਾਂ ਹੋਣੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗਠਜੋੜ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਸਮਾਂ ਬਦਲੇਗਾ ਉਵੇਂ-ਉਵੇਂ ਤੁਹਾਨੂੰ ਪਤਾ ਲੱਗ ਜਾਵੇਗਾ। ਅਸੀਂ ਆਪਣੇ ਵਰਕਰਾਂ ਤੋਂ ਅੱਜ ਤੋਂ ਹੀ ਫੀਡਬੈਕ ਲੈਣਾ ਸ਼ੁਰੂ ਕਰਾਂਗੇ। ਵੱਖ-ਵੱਖ ਵਰਕਰ ਵੱਖ-ਵੱਖ ਪੱਧਰ 'ਤੇ ਕੰਮ ਕਰਦੇ ਹਨ ਉਨ੍ਹਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਰਣਨੀਤੀ ਤਿਆਰ ਕੀਤੀ ਜਾਵੇਗੀ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਾਡਾ ਕੋਈ ਵਿਰੋਧ ਨਹੀਂ ਹੈ ਅਤੇ ਸਭ ਕੁਝ ਠੀਕ ਹੈ।
ਇਹ ਵੀ ਪੜ੍ਹੋ- ਸ਼ਾਮ ਨੂੰ ਪੰਜਾਬ ਭਾਜਪਾ ਕੋਰ ਕਮੇਟੀ ਦੀ ਹੋਵੇਗੀ ਬੈਠਕ, ਪਹਿਲਾਂ ਹੋਣਗੇ ਇਹ ਪ੍ਰੋਗਰਾਮ