ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਵੱਲੋਂ ਆਈਪੀਐਸ ਪ੍ਰਮੋਦ ਕੁਮਾਰ (IPS Pramod Kumar) ਦਾ ਤਬਾਦਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਨੇ ਉਨ੍ਹਾਂ ਨੂੰ ਸਪੈਸ਼ਲ ਡੀਜੀਪੀ ਇਨਵੈਸਟੀਗੇਸ਼ਨ ਲੋਕਪਾਲ ਪੰਜਾਬ (Special DGP Investigation Lokpal Punjab) ਨਿਯੁਕਤ ਕੀਤਾ ਹੈ।
ਦੱਸ ਦਈਏ ਕਿ ਆਈਪੀਐਸ ਪ੍ਰਮੋਦ ਕੁਮਾਰ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਬਣੀ ਐਸਆਈਟੀ ਦੇ ਮੁੱਖੀ ਰਹਿ ਚੁੱਕੇ ਹਨ। 1988 ਬੈਚ ਦੇ ਆਈਪੀਐਸ ਅਧਿਕਾਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰੀ ਡੈਪੂਟੇਸ਼ਨ ਦੇ ਚਾਹਵਾਨ ਅਧਿਕਾਰੀਆਂ ਦੀ ਰਾਜ ਸਰਕਾਰ ਦੀ ਪੇਸ਼ਕਸ਼ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕਰਨ।
ਪ੍ਰਮੋਦ ਕੁਮਾਰ ਅਜਿਹੇ ਪਹਿਲੇ ਪੁਲਿਸ ਅਧਿਕਾਰੀ ਹਨ ਜਿਨ੍ਹਾਂ ਨੇ ਸੂਬੇ ਦੇ ਬਾਹਰ ਪੋਸਟਿੰਗ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਨਵੇਂ ਬਣੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਕੁਮਾਰ ਦੇ ਖਿਲਾਫ ਕੋਟਰਪੁਰਾ ਐਸਆਈਟੀ ਦੇ ਪ੍ਰਮੁੱਖ ਦੇ ਤੌਰ ’ਤੇ ਨਿਆ ਦੇਣ ਚ ਅਸਫਲ ਰਹਿਣ ਅਤੇ ਮੁੱਖ ਜਾਂਚਕਰਤਾ ਆਈਜੀ ਕੁੰਵਰ ਵਿਜੇ ਪ੍ਰਤਾਪ ਲਈ ਮੁਸੀਬਤ ਪੈਦਾ ਕਰਨ ਲਈ ਕੁਮਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।
ਜਾਂਚ ਅਤੇ ਆਚਰਣ ਦੇ ਕਈ ਨੁਕਤਿਆਂ 'ਤੇ ਕੁੰਵਰ ਵਿਜੇ ਨਾਲ ਪ੍ਰਮੋਦ ਦੇ ਮਤਭੇਦ ਸੀ। ਇਸ ਸਬੰਧ ਚ ਉਨ੍ਹਾਂ ਨੇ ਡੀਜੀਪੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਉਨ੍ਹਾਂ ਨੇ ਕੁੰਵਰ ਵਿਜੇ ਦੀ ਜਾਂਚ ਬਾਰੇ ਆਪਣੇ ਮਤਭੇਦ ਪ੍ਰਗਟ ਕੀਤੇ। ਉਨ੍ਹਾਂ ਨੇ ਜਾਂਚ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਾਅਦ ਵਿੱਚ ਜਾਂਚ ਰੱਦ ਕਰ ਦਿੱਤੀ ਅਤੇ ਐਸਆਈਟੀ ਨੂੰ ਭੰਗ ਕਰ ਦਿੱਤਾ।
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਜੇਕਰ ਚੰਨੀ ਸਰਕਾਰ 2017 ਦੇ ਬਰਗਾੜੀ-ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕਰਦੀ, ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਨਾ ਸਿਰਫ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਲਕਿ ਕਾਂਗਰਸ ਹਾਈ ਕਮਾਂਡ ਅਕਾਲੀਆਂ ਨਾਲ ਵੀ ਹੱਥ ਮਿਲਾ ਰਿਹਾ ਹੈ।