ਚੰਡੀਗੜ੍ਹ: ਦੇਸ਼ ਵਿਦੇਸ਼ ਵਿੱਚ ਧੂਮਾਂ ਪਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਦੀ ਸ਼ਾਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਆਪਣੀ ਥਾਰ ਵਿੱਚ ਸਵਾਰ ਹੋ ਕੇ ਆਪਣੀ ਮਾਸੀ ਦਾ ਪਤਾ ਲੈਣ ਜਾ ਰਹੇ ਸਨ, ਕਿ ਰਸਤੇ ਵਿੱਚ ਉਸਨੂੰ ਘੇਰਕੇ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਨੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਸਿੱਧੂ ਮੂਸੇਵਾਲਾ ਦੀ ਥਾਰ ਜੀਪ ਵਿੱਚੋਂ ਇੱਕ ਪਿਸਤੌਲ ਮਿਲਿਆ ਹੈ, ਜਿਸ ਵਿੱਚੋਂ ਗੋਲੀਆਂ ਚੱਲੀਆਂ ਹਨ।
ਇਹ ਵੀ ਪੜੋ: Last Ride : ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਅੰਤਿਮ ਵਧਾਈ ਦਾ ਸਫ਼ਰ ਹੋਵੇਗਾ 5911 'ਤੇ
ਸਿੱਧੂ ਦੇ ਪਿਸਤੌਲ ਤੋਂ ਹੋਏ 6 ਫਾਇਰ: ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜੋ ਸਿੱਧੂ ਦੀ ਥਾਰ ’ਤੋਂ ਪਿਸਤੌਲ ਬਰਾਮਦ ਹੋਇਆ ਹੈ ਉਸ ਵਿੱਚੋਂ 6 ਫਾਇਰ ਹੋਏ ਹਨ। ਚਸ਼ਮਦੀਦਾਂ ਅਨੁਸਾਰ ਸਿੱਧੂ ਮੂਸੇਵਾਲਾ ਦੀ ਥਾਰ ਨੂੰ ਜਦੋਂ ਘੇਰ ਲਿਆ ਗਿਆ ਤਾਂ ਸਿੱਧੂ ਡਰਿਆ ਨਹੀਂ ਸਗੋਂ ਉਸਨੇ ਆਪਣਾ ਪਿਸਤੌਲ ਕੱਢਿਆ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਡਰਕੇ ਉਹਨਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਸਿੱਧੂ ਨਾਲ ਉਸਦੇ 2 ਸਾਥੀ ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਵੀ ਸਿੱਧੂ ਦੇ ਨਾਲ ਸਨ ਜੋ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਜੇਰੇ ਇਲਾਜ਼ ਹਨ।
ਸਿੱਧੂ ਦੀ ਥਾਰ ਦੇ ਤਿੰਨ ਟਾਇਰਾਂ ਵਿੱਚ ਚਲਾਈਆਂ ਸੀ ਗੋਲੀਆਂ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਸਿੱਧੂ ਦੀ ਥਾਰ ਜੀਪ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸਿੱਧੂ ਦੀ ਥਾਰ ਘੇਰਣ ਲਈ ਪਹਿਲਾਂ ਪਿੱਛੋਂ ਗੋਲੀਆਂ ਚਲਾਈਆਂ ਗਈਆਂ ਸਨ ਤੇ ਥਾਰ ਜੀਪ ਦੇ ਤਿੰਨ ਟਾਇਰਾਂ ਵਿੱਚ ਗੋਲੀਆਂ ਵੱਜੀਆਂ ਸਨ, ਜਿਸ ਕਾਰਨ ਜੀਪ ਦੇ ਟਾਇਰ ਫਟ ਗਏ।
ਹਮਲਾਵਰਾਂ ਦੀ ਕਾਰ ਤੋਂ ਮਿਲੇ ਸਬੂਤ: ਦੱਸ ਦਈਏ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਕਾਰ ਛੱਡ ਭੱਜ ਗਏ ਸਨ, ਜਿਸ ਨੂੰ ਪੁਲਿਸ ਵੱਲੋਂ ਕਬਜੇ ਚ ਲੈ ਕੇ ਜਾਂਚ ਕੀਤੀ ਜਾ ਰਹੀ ਸੀ। ਬਲੈਰੋ ਦੀ ਜਾਂਚ ਕਰਨ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਦੀ ਬੋਲੈਰੋ ਗੱਡੀ ਤੋਂ ਕਈ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਮਾਨਸਾ ਦੇ ਪਿੰਡ ਜਵਾਹਰਕੇ ਤੋਂ ਵੀ ਪੁਲਿਸ ਨੂੰ ਕੁੱਤਿਆਂ ਦੀ ਟੀਮ ਦੀ ਮਦਦ ਨਾਲ ਕਈ ਸੁਰਾਗ ਮਿਲੇ ਹਨ।
ਇਸ ਤਰ੍ਹਾਂ ਵਾਪਸੀ ਘਟਨਾ: ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਇਸ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 7 ਗੋਲ਼ੀਆਂ ਲੱਗੀਆਂ ਸਨ।