ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਹਤ ਸਮੱਗਰੀ ਉੱਤੇ ਮੁੱਖ ਮੰਤਰੀ ਦੀਆਂ ਫੋਟੋਆਂ ਛਾਪਣ 'ਚ ਸਮਾਂ ਬਰਬਾਦ ਨਾ ਕਰੇ ਅਤੇ ਇਸ ਸਮੱਗਰੀ ਨੂੰ ਜਲਦੀ ਤੋਂ ਜਲਦੀ ਗਰੀਬਾਂ ਅਤੇ ਲੋੜਵੰਦਾਂ ਤਕ ਪੁੱਜਦੀ ਕਰੇ। ਪਾਰਟੀ ਨੇ ਕਿਹਾ ਕਿ ਅਜਿਹੇ ਔਖੇ ਸਮਿਆਂ ਵਿਚ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਟਾ ਅਤੇ ਸੈਨੇਟਾਈਜ਼ਰਾਂ ਨੂੰ ਲੋੜਵੰਦਾਂ ਤਕ ਪਹੁੰਚਾਉਣ ਤੋਂ ਪਹਿਲਾਂ ਉਹਨਾਂ ਉੱਤੇ ਮੁੱਖ ਮੰਤਰੀ ਦੀ ਫੋਟੋਂ ਛਾਪਣ ਲਈ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਸੀ। ਉਹਨਾਂ ਕਿਹਾ ਕਿ ਵੱਖ-ਵੱਖ ਚੀਜ਼ਾਂ ਉੱਤੇ ਮੁੱਖ ਮੰਤਰੀ ਦੀ ਫੋਟੋ ਚਿਪਕਾਉਣ ਲਈ ਬਹੁਤ ਸਾਰੇ ਮੌਕੇ ਆਉਣਗੇ। ਪਰ ਅੱਜ ਸੰਕਟ ਦੀ ਸਥਿਤੀ ਵਿਚ ਇਸ ਕਿਸਮ ਦੇ ਬੇਲੋੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਰਾਹਤ ਸਮੱਗਰੀ ਦੀ ਵੰਡ ਸੰਬੰਧੀ ਕੀਤੇ ਜਾ ਰਹੇ ਸਿਆਸੀ ਵਿਤਕਰੇ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਅਕਾਲੀ ਦਲ ਨੇ ਪੰਜਾਬ ਸਰਕਾਰ ਨਾਲ ਬਹੁਤ ਸਹਿਯੋਗ ਕੀਤਾ ਹੈ ਅਤੇ ਕਿਸੇ ਵੀ ਕਿਸਮ ਦੀ ਸਿਆਸੀ ਬਿਆਨਬਾਜ਼ੀ ਕਰਨ ਤੋਂ ਪਰਹੇਜ਼ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਰਾਹਤ ਸਮੱਗਰੀ ਦਾ ਸਿਆਸੀਕਰਨ ਕਰਨ ਦੀ ਬਜਾਇ ਇਸ ਨੂੰ ਲੋੜਵੰਦਾਂ 'ਚ ਵੰਡਣ ਦੇ ਕੰਮ ਵਿਚ ਤੇਜ਼ੀ ਲਿਆਉਂਦੀ। ਉਹਨਾਂ ਕਿਹਾ ਕਿ ਲੋਕ ਕਿੰਨੇ ਦਿਨ ਦੇ ਸ਼ਿਕਾਇਤਾਂ ਕਰ ਰਹੇ ਹਨ ਕਿ ਜੋ ਰਾਸ਼ਨ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਉਹਨਾਂ ਤਕ ਨਹੀਂ ਪਹੁੰਚਿਆ ਹੈ। ਹੁਣ ਸਪੱਸ਼ਟ ਹੋ ਗਿਆ ਹੈ ਕਿ ਇਹ ਰਾਸ਼ਨ ਇਸ ਲਈ ਲੇਟ ਹੋ ਗਿਆ ਕਿਉਂਕਿ ਤਾਂ ਵੰਡਣ ਤੋਂ ਪਹਿਲਾਂ ਸਾਰੇ ਆਟੇ ਦੇ ਥੈਲਿਆਂ ਅਤੇ ਸੈਨੇਟਾਈਜ਼ਰਾਂ ਉੱਤੇ ਮੁੱਖ ਮੰਤਰੀ ਦੀ ਫੋਟੋ ਚਿਪਕਾਈ ਜਾ ਸਕੇ। ਇਹ ਬਹੁਤ ਹੀ ਅਫਸੋਸਨਾਕ ਹਰਕਤ ਹੈ।